Punjab News: ਪੰਜਾਬ ਦੇ ਲੋਕਾਂ ਨੂੰ ਦਿੱਤੀ ਇੱਕ ਹੋਰ ਗਾਰੰਟੀ ਪੂਰੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਆਪਣੇ ਪੇਸ਼ੇਵਰ ਹੁਨਰ ਨੂੰ ਹੋਰ ਨਿਖਾਰਨ ਲਈ ਸਿੰਗਾਪੁਰ ਜਾਵੇਗਾ।


ਲੋਕਾਂ ਨਾਲ ਆਨਲਾਈਨ ਵਿਧੀ ਜ਼ਰੀਏ ਰਾਬਤਾ ਕਾਇਮ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀਆਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਸੂਬੇ ਵਿਚ ਸਿੱਖਿਆ ਖੇਤਰ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕ ਰਾਸ਼ਟਰ ਨਿਰਮਾਤਾ ਹਨ ਜੋ ਸਿੱਖਿਆ ਦਾ ਪੱਧਰ ਉੱਚਾ ਚੁੱਕ ਸਕਦੇ ਹਨ ਜਿਸ ਕਰਕੇ ਇਹ ਗਾਰੰਟੀ ਦਿੱਤੀ ਗਈ ਸੀ ਕਿ ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਉਚ ਪੱਧਰ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਦੇ ਅਧਿਆਪਨ ਹੁਨਰ ਨੂੰ ਹੋਰ ਨਿਖਾਰਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸੇ ਗਾਰੰਟੀ ਦੇ ਆਧਾਰ ਉਤੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਪੇਸ਼ੇਵਰ ਟ੍ਰੇਨਿੰਗ ਲਈ 4 ਫਰਵਰੀ ਨੂੰ ਸਿੰਗਾਪੁਰ ਰਵਾਨਾ ਹੋ ਰਿਹਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਿੰਸੀਪਲ 6 ਫਰਵਰੀ ਤੋਂ 10 ਫਰਵਰੀ ਤੱਕ ਹੋ ਰਹੇ ‘ਪ੍ਰੋਫੈਸ਼ਨਲ ਟੀਚਰ ਟ੍ਰੇਨਿੰਗ ਸੈਮੀਨਾਰ’ ਵਿਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਬੈਚ ਸੈਮੀਨਾਰ ਵਿਚ ਹਿੱਸਾ ਲੈਣ ਤੋਂ ਬਾਅਦ 11 ਫਰਵਰੀ ਨੂੰ ਵਾਪਸ ਪਰਤੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਇਨਕਲਾਬੀ ਕਦਮ ਨਾਲ ਸੂਬੇ ਦੇ ਲੱਖਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਕਿਉਂ ਜੋ ਸਿੰਗਾਪੁਰ ਤੋਂ ਹੋਰ ਮੁਹਾਰਤ ਹਾਸਲ ਕਰਨ ਨਾਲ ਸੂਬੇ ਵਿਚ ਸਿੱਖਿਆ ਦਾ ਮਿਆਰ ਹੋਰ ਸੁਧਰੇਗਾ।


ਮੁੱਖ ਮੰਤਰੀ ਨੇ ਕਿਹਾ ਕਿ ਸਿੰਗਾਪੁਰ ਤੋਂ ਵਾਪਸ ਆਉਣ ਮਗਰੋਂ ਇਹ ਪ੍ਰਿੰਸੀਪਲ ਆਪਣੇ ਅਧਿਆਪਕ ਸਾਥੀਆਂ ਅਤੇ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕਰਨਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਅਧਿਆਪਕ ਦੀ ਮੁਹਾਰਤ ਅਤੇ ਪੇਸ਼ੇਵਰ ਯੋਗਤਾ ਵਧਾਉਣ ਵਿਚ ਸਹਾਈ ਹੋਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਯਕੀਨਨ ਤੌਰ ਉਤੇ ਇਹ ਕਦਮ ਸੂਬੇ ਦੀ ਸਿੱਖਿਆ ਵਿਵਸਥਾ ਨੂੰ ਸੁਧਾਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਵਿਚ ਸਹਾਈ ਸਿੱਧ ਹੋਣਗੇ।