ਆਜ਼ਾਦੀ ਦਿਹਾੜੇ 'ਤੇ ਕੈਪਟਨ ਨੇ ਖੋਲ੍ਹਿਆ ਸੁਗਾਤਾਂ ਦਾ ਪਿਟਾਰਾ
ਏਬੀਪੀ ਸਾਂਝਾ | 15 Aug 2018 03:10 PM (IST)
ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਸੂਬੇ ਦੀ ਸਨਅਤੀ ਰਾਜਧਾਨੀ ਵਿੱਚ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਕੈਪਟਨ ਨੇ ਕਿਸਾਨਾਂ, ਗ਼ਰੀਬਾਂ ਲਈ ਲਾਹੇਵੰਦ ਸਕੀਮਾਂ ਦੇ ਐਲਾਨ ਕਰਨ ਤੋਂ ਇਲਾਵਾ ਬਹਾਦਰ ਪੁਲਿਸ ਅਫ਼ਸਰਾਂ ਨੂੰ ਸਨਮਾਨਿਤ ਵੀ ਕੀਤਾ। ਮੁੱਖ ਮੰਤਰੀ ਨੇ ਲੁਧਿਆਣਾ ਲਈ 3,600 ਕਰੋੜ ਰੁਪਏ ਦੇ ਗ੍ਰਾਂਟ ਦਾ ਐਲਾਨ ਵੀ ਕੀਤਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੈਸਾ ਸਿਹਤ ਸੇਵਾਵਾਂ ਵਿੱਚ ਸੁਧਾਰ 'ਤੇ ਖ਼ਰਚੇ ਜਾਣ ਦੀ ਤਜਵੀਜ਼ ਹੈ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ ਗਏ ਸਮਾਗਮ ਵਿੱਚ ਕੈਪਟਨ ਨੇ ਐਲਾਨ ਕੀਤਾ ਕਿ ਨਸ਼ਿਆਂ ਦੇ ਟਾਕਰੇ ਲਈ ਬਣਾਈ ਐਸਟੀਐਫ ਹੁਣ ਸਰਕਲ ਟੀਮਾਂ ਦਾ ਗਠਨ ਕਰੇਗੀ ਜੋ ਲੋਕਾਂ ਨੂੰ ਨਸ਼ੇ ਵਿਰੁੱਧ ਲੜਨਾ ਸਿਖਾਏਗੀ। ਕੈਪਟਨ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਵਾਜਬ ਕੀਮਤਾਂ 'ਤੇ ਖੇਤੀਬਾੜੀ ਮਸ਼ੀਨਰੀ ਮਹੱਈਆ ਕਰਵਾਉਣ ਲਈ ਵਿਸ਼ੇਸ਼ ਸਕੀਮ ਜਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਗ਼ਰੀਬ ਤਬਕੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਮੁਫ਼ਤ ਫਲੈਟ ਮੁਹੱਈਆ ਕਰਵਾਏ ਜਾਣਗੇ। ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਕੈਪਟਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਸਨਅਤਾਂ ਨੂੰ ਪੂਰੇ ਦੇਸ਼ ਵਿੱਚੋਂ ਸਭ ਤੋਂ ਸਸਤੀ ਬਿਜਲੀ ਯਾਨੀ 5 ਰੁ. ਫ਼ੀ ਯੂਨਿਟ ਦੇ ਹਿਸਾਬ ਨਾਲ ਮੁਹੱਈਆ ਕਰਵਾ ਰਹੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਦੋ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਤੇ ਪੁਲਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਨੌਕਰੀਆਂ ਦੀ ਗਿਣਤੀ 29% ਵਧੀ ਹੈ। ਕੈਪਟਨ ਨੇ ਕਿਹਾ ਕਿ ਛੋਟੀਆਂ ਸਨਅਤਾਂ ਸ਼ੁਰੂ ਹੋਣ ਨਾਲ ਰੁਜ਼ਗਾਰ ਹੋਰ ਵੀ ਵਧੇਗਾ। ਸੂਬੇ ਵਿੱਚ ਅੰਗਰੇਜ਼ੀ ਸਕੂਲਾਂ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਆਦਾ ਅੰਗ੍ਰੇਜ਼ੀ ਸਕੂਲਾਂ ਕਾਰਨ ਬੱਚਿਆਂ ਦੀ ਭਾਸ਼ਾ ਸੁਧਰੇਗੀ ਤੇ ਬਾਹਰ ਜਾ ਕੇ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ।