ਚੰਡੀਗੜ੍ਹ: ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਗੋਲ਼ੀ ਕਾਂਡਾਂ ਦੀਆਂ ਘਟਨਾਵਾਂ ਦੀ ਜਾਂਚ ਮਗਰੋਂ ਤਿਆਰ ਕੀਤੀ ਗਈ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਲੀਕ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਰਿਪੋਰਟ ਦਾ ਪਹਿਲਾ ਹਿੱਸਾ ਮੌਜੂਦ ਹੈ, ਪਰ ਬਾਕੀ ਰਿਪੋਰਟ ਹਾਲੇ ਤਿਆਰ ਨਹੀਂ ਹੋਈ। ਕੈਪਟਨ ਸਰਕਾਰ ਨੇ ਇਹ ਰਿਪੋਰਟ ਆਉਣ ਵਾਲੇ ਵਿਧਾਨ ਸਭਾ ਇਜਲਾਸ ਵਿੱਚ ਪੇਸ਼ ਕਰਨ ਦਾ ਐਲਾਨ ਕੀਤਾ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਰਿਪੋਰਟ ਲੀਕ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਤੇ ਬਿਆਨਾਂ ਰਾਹੀਂ ਰਿਪੋਰਟ ਦਾ ਕਾਫੀ ਹਿੱਸਾ ਪਹਿਲਾਂ ਹੀ ਮੁੱਖ ਮੰਤਰੀ ਲਈ ਨਮੋਸ਼ੀ ਦਾ ਕਾਰਨ ਬਣ ਰਿਹਾ ਸੀ। ਲੰਘੀ 30 ਜੂਨ ਨੂੰ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਨਿੱਜੀ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਸੌਂਪੀ ਸੀ। ਉਸ ਸਮੇਂ ਰਣਜੀਤ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ 192 ਸਫ਼ਿਆਂ ਦੀ ਇਹ ਰਿਪੋਰਟ ਖ਼ੁਦ ਨਿੱਜੀ ਤੌਰ 'ਤੇ ਟਾਈਪ ਕਰਵਾਈ ਹੈ, ਕਿਉਂਕਿ ਉਨ੍ਹਾਂ ਨੂੰ ਸਰਕਾਰੀ ਅਧਿਕਾਰੀਆਂ 'ਤੇ ਯਕੀਨ ਨਹੀਂ ਪਰ ਹੁਣ ਇਹ ਸਾਰੀ ਰਿਪੋਰਟ ਮੀਡੀਆ ਦੇ ਹੱਥਾਂ ਵਿੱਚ ਪਹੁੰਚ ਚੁੱਕੀ ਹੈ ਤੇ ਇਸ ਮਸਲੇ 'ਤੇ ਸਰਕਾਰ ਬੁਰੇ ਤਰੀਕੇ ਨਾਲ ਘਿਰ ਸਕਦੀ ਹੈ। ਪਿਛਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਤੇ ਗੋਲ਼ੀ ਕਾਂਡਾਂ ਦੀ ਜਾਂਚ ਤੋਂ ਬਾਅਦ ਤਿਆਰ ਕੀਤੀ ਇਸ ਰਿਪੋਰਟ 'ਤੇ ਅਕਾਲੀਆਂ ਨੇ ਕਾਫੀ ਸਵਾਲ ਚੁੱਕੇ ਹਨ। ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰਿਪੋਰਟ ਵਿੱਚ ਉਹੀ ਲਿਖਿਆ ਹੈ ਜੋ ਉਨ੍ਹਾਂ ਦੇ ਦੋਸਤ ਅਮਰਿੰਦਰ ਸਿੰਘ ਨੇ ਲਿਖਣ ਨੂੰ ਕਿਹਾ ਸੀ। ਉਨ੍ਹਾਂ ਰਣਜੀਤ ਸਿੰਘ ਦੀ ਆਮ ਆਦਮੀ ਪਾਰਟੀ ਦੇ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਕਮਿਸ਼ਨ ਮੁਖੀ ਦੀ ਰਿਸ਼ਤੇਦਾਰੀ ਕੱਢਦਿਆਂ ਗੰਭੀਰ ਦੋਸ਼ ਲਾਏ ਸਨ। ਹੁਣ ਬੇਹੱਦ ਗੁਪਤ ਰਿਪੋਰਟ ਦਾ ਲੀਕ ਹੋਣਾ ਕੈਪਟਨ ਸਰਕਾਰ ਲਈ ਕਾਫੀ ਮੁਸ਼ਕਲਾਂ ਖੜ੍ਹੀਆਂ ਸਕਦਾ ਹੈ।