Punjab News: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੰਵਿਧਾਨਕ ਹੈ ਜਾਂ ਗੈਰ-ਸੰਵਿਧਾਨਕ ਇਸ ਨੂੰ ਲੈ ਕੇ ਰਾਜਪਾਲ ਪੰਜਾਬ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ ਹਨ। ਜਿੱਥੇ ਪੰਜਾਬ ਦੇ ਰਾਜਪਾਲ ਨੇ ਬੀਤੇ ਦਿਨੀ ਇੱਕ ਪੱਤਰ ਲਿਖ ਕੇ ਇਜਲਾਸ ਬਾਰੇ ਰਾਏ ਮੰਗੀ ਸੀ ਅਤੇ ਇਸ ਨੂੰ ਦੂਜੀ ਵਾਰ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ। ਦੂਜੇ ਪਾਸੇ ਸੀ.ਐਮ ਮਾਨ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਚਾਰੇ ਬਿੱਲ ਪਾਸੇ ਹੋਣਗੇ ਥੋੜਾ ਜਿਹਾ ਇੰਤਜ਼ਾਰ ਕਰੋ


ਮੁੱਖ ਮੰਤਰੀ ਪੰਜਾਬ ਯੂਨੀਵਰਸਿਟੀ ਵਿੱਚ ਨਵੇਂ ਬਣੇ ਹੋਸਟਲਾਂ ਦੇ ਉਦਘਾਟਨ ਮੌਕੇ ਪੁੱਜੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਰਾਜਪਾਲ ਉੱਤੇ ਤੰਜ ਕਸੇ ਅਤੇ ਚਾਰੋਂ ਬਿੱਲ ਪਾਸ ਕਰਵਾਉਣ ਦਾ ਵੀ ਕਹਿ ਦਿੱਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਹੀ ਨਹੀਂ, ਸਗੋਂ ਸਾਰੇ ਚਾਰ ਬਿੱਲ (ਸਿੱਖ ਗੁਰਦੁਆਰਾ ਐਕਟ 1925 ਸੋਧ, ਪੰਜਾਬ ਪੁਲਿਸ ਸੋਧ ਬਿੱਲ, ਯੂਨੀਵਰਸਿਟੀ ਲਾਅ ਸੋਧ ਬਿੱਲ ਅਤੇ ਪੰਜਾਬ ਐਫੀਲੀਏਟਿਡ ਕਾਲਜ (ਸੇਵਾਵਾਂ ਦੀ ਸੁਰੱਖਿਆ) ਸੋਧ ਬਿੱਲ) ਅਜੇ ਪੈਂਡਿੰਗ ਹਨ। ਇਹ ਚਾਰੇ ਬਿੱਲ ਪਾਸ ਹੋਣਗੇ ਥੋੜਾ ਜਿਹਾ ਇੰਤਜ਼ਾਰ ਕਰੋ।


ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਪਾਲ ਵਿਧਾਨ ਸਭਾ ਸੈਸ਼ਨ  ਨੂੰ ਗੈਰ-ਸੰਵਿਧਾਨਕ ਕਹਿ ਰਹੇ ਹਨ, ਉਨ੍ਹਾਂ ਨੇ ਤਾਂ ਕਦੇ ਵੀ ਬਜਟ ਸੈਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਫਿਰ ਬਾਅਦ ਵਿੱਚ ਸੁਪਰੀਮ ਕੋਰਟ ਜਾ ਕੇ ਕਿਵੇਂ ਕਿਹਾ ਕਿ ਇਹ ਸੰਵਿਧਾਨਕ ਹੈ। ਚਾਰੇ ਬਿੱਲ ਪਾਸ ਹੋ ਜਾਣਗੇ, ਥੋੜ੍ਹਾ ਇੰਤਜ਼ਾਰ ਕਰੋ।


ਜ਼ਿਕਰ ਕਰ ਦਈਏ ਕਿ ਰਾਜਪਾਲ ਨੇ ਪਿਛਲੇ ਦਿਨ ਹੀ ਮੁੱਖ ਮੰਤਰੀ ਨੂੰ ਦੂਜਾ ਪੱਤਰ ਲਿਖਿਆ ਸੀ। ਜਿਸ ਵਿੱਚ ਕਿਹਾ ਸੀ ਮੇਰੀਆਂ ਚਿੱਠੀਆਂ ਦਾ ਜਲਦੀ ਜਵਾਬ ਦਿਓ ਜਿਨ੍ਹਾਂ ਨੂੰ ਤੁਸੀਂ ਵਿਧਾਨ ਸਭਾ ਵਿੱਚ ਪ੍ਰੇਮ ਪੱਤਰ ਕਹਿ ਰਹੇ ਸੀ। ਸੰਵਿਧਾਨ ਮੁਤਾਬਕ ਮੁੱਖ ਮੰਤਰੀ ਰਾਜਪਾਲ ਵੱਲੋਂ ਦਿੱਤੇ ਪੱਤਰਾਂ ਦਾ ਜਵਾਬ ਦੇਣ ਲਈ ਪਾਬੰਦ ਹੈ। ਮੇਰੀਆਂ ਚਿੱਠੀਆਂ ਦਾ ਜਵਾਬ ਨਾ ਦੇਣਾ ਸੰਵਿਧਾਨ ਦੀ ਧਾਰਾ 167 ਦੀ ਉਲੰਘਣਾ ਹੈ।


ਰਾਜਪਾਲ ਨੇ ਮੁੱਖ ਮੰਤਰੀ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਲਿਖਿਆ ਕਿ ਭ੍ਰਿਸ਼ਟਾਚਾਰ ਦੀਆਂ ਕਈ ਸ਼ਿਕਾਇਤਾਂ ਉਨ੍ਹਾਂ ਕੋਲ ਆ ਰਹੀਆਂ ਹਨ। ਇਸ ਲਈ ਮੇਰੀਆਂ ਚਿੱਠੀਆਂ ਦਾ ਜਲਦੀ ਤੋਂ ਜਲਦੀ ਜਵਾਬ ਦਿਓ ਨਹੀਂ ਤਾਂ ਇਸ ਨੂੰ ਸੰਵਿਧਾਨ ਦੀ ਉਲੰਘਣਾ ਮੰਨਿਆ ਜਾਵੇਗਾ