ਕੈਪਟਨ ਨੇ ਬਾਦਲਾਂ ਦੇ ਗੁਆਂਢ 'ਚ ਖਰੀਦੀ ਜ਼ਮੀਨ ..!
ਏਬੀਪੀ ਸਾਂਝਾ | 30 Jan 2018 08:04 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਲਾਗੇ 6 ਏਕੜ ਜ਼ਮੀਨ ਖ਼ਰੀਦੀ ਹੈ। ਇਹ ਜ਼ਮੀਨ ਮੋਹਾਲੀ ਦੇ ਪੱਲ੍ਹਣਪੁਰ ਕੋਲ ਲਈ ਹੈ। ਇਹ ਇਲਾਕਾ ਨਿਊ ਚੰਡੀਗੜ੍ਹ ਦੇ ਨਾਂਅ ਤੋਂ ਮਸ਼ਹੂਰ ਹੈ। ਇਹ ਜ਼ਮੀਨ ਬਾਦਲ ਦੇ 7 ਸਿਤਾਰਾ ਰਿਜ਼ਾਰਟ ਦੇ ਨਜ਼ਦੀਕ ਹੈ। ਕੈਪਟਨ ਦੀ ਇਸ ਖ਼ਰੀਦੋ ਫਰੋਖ਼ਤ 'ਤੇ ਸੂਬੇ ਦੀ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਨੇ ਸੂਬੇ ਦੇ ਮੁੱਖ ਸਕੱਤਰ ਇਸ ਮਾਮਲੇ ਦੀ ਸ਼ਿਕਾਇਤ ਭੇਜੀ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ 'ਤੇ ਕਾਫੀ ਇਲਜ਼ਾਮ ਲਾਏ ਹਨ। ਖਹਿਰਾ ਨੇ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗੀ ਹੋਈ ਇਹ ਜ਼ਮੀਨ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਦੇ ਤਹਿਤ ਆਉਂਦੀ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਪੀ.ਐੱਲ.ਪੀ.ਏ. ਕਾਰਨ ਇਸ ਜ਼ਮੀਨ 'ਤੇ ਨਿਰਮਾਣ ਨਹੀਂ ਹੋ ਸਕਦਾ, ਇਸ ਲਈ ਸਰਕਾਰ ਹੁਣ ਇਸ ਐਕਟ ਨੂੰ ਖ਼ਤਮ ਕਰਨ ਜਾ ਰਹੀ ਹੈ। ਉਂਝ ਕੈਪਟਨ ਅਮਰਿੰਦਰ ਸਿੰਘ ਕੋਲ ਪਟਿਆਲਾ ਤੇ ਹਿਮਾਚਲ ਪ੍ਰਦੇਸ਼ ਵਿੱਚ ਕਰੋੜਾਂ ਦੀ ਜੱਦੀ ਜਾਇਦਾਦ ਹੈ, ਪਰ ਚੰਡੀਗੜ੍ਹ ਵਿੱਚ ਉਨ੍ਹਾਂ ਦਾ ਕੋਈ ਆਪਣਾ ਘਰ ਨਹੀਂ ਹੈ। ਇਸ ਲਈ ਨਿਊ ਚੰਡੀਗੜ੍ਹ ਕੋਲ ਸਿੱਸਵਾਂ ਦੇ ਪੱਲ੍ਹਣਗੜ੍ਹ ਪਿੰਡ ਵਿੱਚ ਕੈਪਟਨ ਨੇ 6 ਏਕੜ ਜ਼ਮੀਨ ਨੂੰ ਸਾਢੇ ਤਿੰਨ ਕਰੋੜ ਰੁਪਏ ਵਿੱਚ ਖਰੀਦਿਆ ਹੈ। ਵੈਸੇ ਤਾਂ ਇੱਥੇ ਹੋਰ ਵੀ ਕਈ ਅਫਸਰਾਂ ਦੇ ਤੇ ਵੱਡੇ ਨੇਤਾਵਾਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਹਨ, ਜੋ ਜ਼ਿਆਦਾਤਰ ਬੇਨਾਮੀਆਂ ਹਨ। ਪਰ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਗੁਆਂਢ 'ਚ ਆਪਣੇ ਹੀ ਨਾਂਅ 'ਤੇ ਜ਼ਮੀਨ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ।