ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕੈਪਟਨ ਨੂੰ ਫਿਕਸ ਮੈਚ ਖੇਡਣਾ ਬੰਦ ਕਰਨ ਚਾਹਿਦਾ ਹੈ।ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਅਪੀਲ ਨੂੰ ਠੁਕਰਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਾਨੂੰਨ ਲਿਆਉਣ ਵਿਚ ਜਾਣ ਬੁੱਝ ਕੇ ਦੇਰੀ ਕਰ ਰਹੇ ਹਨ।ਬਾਦਲ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਪੰਜਾਬ ਦੇ ਕਿਸਾਨਾਂ ਦੇ ਭਵਿੱਖ ਲਈ ਨੁਕਸਾਨਦੇਹ ਹਨ।



ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਕਾਨੂੰਨ ਲਿਆਉਣ ਲਈ ਵਾਰ ਵਾਰ ਸਮਾਂ ਮੰਗ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਦਿਨ ਤੋਂ ਜ਼ਿਆਦਾ ਪਹਿਲਾਂ ਉਹਨਾਂ ਨੂੰ ਇਹ ਕਾਨੂੰਨ ਲਿਆਉਣ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਅਤੇ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ।



ਉਹਨਾਂ ਕਿਹਾ ਕਿ ਕਿਸਾਨ ਸੰਗਠਨ ਵੀ ਅਜਿਹੀ ਮੰਗ ਕਰਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਮਾਮਲੇ ’ਤੇ ਫਿਕਸ ਮੈਚ ਖੇਡ ਰਹੇ ਹਨ ਤੇ ਉਹਨਾਂ ਨੇ ਇਕ ਹਫਤਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਸੁਝਾਅ ਰੱਦ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸਕ ਕਿਸਾਨ ਮਾਰਚ ਤੇ ਕਿਸਾਨਾਂ ਦੇ ਰੋਹ ਅੱਗੇ ਝੂਕਦਿਆਂ ਇਹ ਐਲਾਨ ਕੀਤਾ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣਗੇ।




ਉਹਨਾਂ ਕਿਹਾ ਕਿ ਹੁਣ ਜਦੋਂ ਕਿਸਾਨ ਸੰਗਠਨਾਂ ਨੇ ਉਹਨਾਂ ਦੀ ਘੇਰਾਬੰਦੀ ਕੀਤੀ ਹੈ ਤਾਂ ਉਹ ਇਕ ਵਾਰ ਫਿਰ ਤੋਂ ਇਹ ਕਹਿ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਇਕ ਹਫਤੇ ਦਾ ਸਮਾਂ ਕਾਫੀ ਨਹੀਂ ਹੈ।



ਉਹਨਾਂ ਕਿਹਾ ਕਿ ਇਸ ਸਭ ਤੋਂ ਇਹੀ ਗੱਲ ਸਪਸ਼ਟ ਹੁੰਦੀ ਹੈ ਕਿ ਮੁੱਖ ਮੰਤਰੀ ਸਿਰਫ ਇਕ ਫਿਕਸ ਮੈਚ ਖੇਡ ਰਹੇ ਹਨ ਅਤੇ ਉਹਨਾਂ ਨੂੰ ਸੂਬੇ ਦੇ ਕਿਸਾਨਾਂ ਦੀ ਹਿੱਤਾਂ ਦੀ ਰਾਖੀ ਛੇਤੀ ਤੋਂ ਛੇਤੀ ਯਕੀਨੀ ਬਣਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ।