ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਵੱਲੋਂ ਪੰਜਾਬੀਆਂ ਤੇ ਹਰਿਆਣਵੀਆਂ ਬਾਰੇ ਕੀਤੀ ਭੱਦੀ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਭਾਜਪਾ ਨੂੰ ਘੇਰਿਆ ਹੈ। ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬਿਪਲਬ ਦੇਬ ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੀਆਂ ਫ਼ਿਰਕੂ ਤੇ ਨਸਲੀ ਟਿੱਪਣੀਆਂ ਇਕੱਲੇ ਬਿਪਲਬ ਦੇਬ ਦੀ ਹੀ ਨਹੀਂ ਸਗੋਂ ਸਮੁੱਚੀ ਭਾਜਪਾ ਦੀ ਜ਼ਹਿਰੀਲੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ, ਜੋ ਬੇਹੱਦ ਨਿੰਦਣਯੋਗ ਹੈ।

ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਸਮੇਤ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ ਸਣੇ ਪਾਰਟੀ ਦੇ ਕਈ ਨੇਤਾਵਾਂ ਨੇ ਬਿਪਲਬ ਦੇਬ ਤੇ ਭਾਜਪਾ 'ਤੇ ਤਾਬੜਤੋੜ ਹਮਲੇ ਬੋਲੇ ਕੀਤੇ। ਜ਼ਿਕਰਯੋਗ ਹੈ ਕਿ ਬਿਪਲਬ ਦੇਬ ਨੇ ਤ੍ਰਿਪੁਰਾ 'ਚ ਬੋਲਦਿਆਂ ਕਿਹਾ ਸੀ ਕਿ ਪੰਜਾਬੀ ਸਰਦਾਰ ਤੇ ਹਰਿਆਣੇ ਦੇ ਜਾਟ ਸਰੀਰਕ ਪੱਖੋਂ ਤਾਂ ਤਕੜੇ ਹੁੰਦੇ ਹਨ ਪਰ ਦਿਮਾਗ਼ੀ ਤੌਰ 'ਤੇ ਖ਼ਾਲੀ ਹੁੰਦੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਜਿਸ ਕੌਮ ਬਾਰੇ ਭਾਜਪਾ ਦੇ ਮੁੱਖ ਮੰਤਰੀ ਨੇ ਘਟੀਆ ਅਤੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀ ਟਿੱਪਣੀ ਕੀਤੀ ਹੈ, ਜੇਕਰ ਉਹ ਕੌਮ (ਪੰਜਾਬੀ) ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਲਈ 90 ਪ੍ਰਤੀਸ਼ਤ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਬਿਪਲਬ ਦੇਬ ਮੁੱਖ ਮੰਤਰੀ ਦੀ ਕੁਰਸੀ 'ਤੇ ਨਾ ਬੈਠਾ ਹੁੰਦਾ।

ਭਗਵੰਤ ਮਾਨ ਅਨੁਸਾਰ, ''ਪੂਰੀ ਦੁਨੀਆ 'ਚ ਪੰਜਾਬੀਆਂ ਨੇ ਆਪਣਾ ਖ਼ਾਸ ਮੁਕਾਮ ਬਣਾਇਆ ਹੈ। ਅਣਗਿਣਤ ਮੁਲਕਾਂ 'ਚ ਪੰਜਾਬੀਆਂ ਨੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਖੇਤਰ 'ਚ ਆਪਣੀ ਕਾਬਲੀਅਤ ਤੇ ਮਿਹਨਤ ਦੇ ਦਮ 'ਤੇ ਝੰਡੇ ਗੱਡੇ ਹਨ। ਕੈਨੇਡਾ ਸਰਕਾਰ ਦੇ ਮੰਤਰੀ ਮੰਡਲ 'ਚ ਰੱਖਿਆ ਮੰਤਰੀ ਸਮੇਤ ਸਾਰੇ ਪੰਜਾਬੀ ਮੰਤਰੀਆਂ ਦੀ ਗਿਣਤੀ ਮੋਦੀ ਦੇ ਮੰਤਰੀ ਮੰਡਲ 'ਚ ਸ਼ਾਮਲ ਪੰਜਾਬੀਆਂ ਨਾਲ ਵੱਧ ਹੈ।

ਭਗਵੰਤ ਮਾਨ ਨੇ ਭਾਜਪਾ ਹਾਈਕਮਾਨ ਕੋਲੋਂ ਮੰਗ ਕੀਤੀ ਕਿ ਉਹ ਬਿਪਲਬ ਦੇਬ ਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ। ਉਨ੍ਹਾਂ ਕਿਹਾ ਕਿ ਆਤਮ ਸਨਮਾਨ ਦੀ ਰੱਖਿਆ ਲਈ ਅਜਿਹੀਆਂ ਘਟੀਆ ਟਿੱਪਣੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904