ਅਗਰਤਲਾ: ਅਕਸਰ ਭਾਰਤ 'ਚ ਕਿਸੇ ਇੱਕ ਸੂਬੇ ਦੇ ਮੰਤਰੀ ਜਾਂ ਵਿਧਾਇਕ ਦਾ ਕੋਈ ਨਾ ਕੋਈ ਬਿਆਨ ਕਿਸੇ ਦੂਸਰੇ ਸੂਬੇ ਜਾਂ ਉਥੋਂ ਦੇ ਲੋਕਾਂ ਖ਼ਿਲਾਫ਼ ਸਾਹਮਣੇ ਆਉਂਦਾ ਰਹਿੰਦਾ ਹੈ। ਹੁਣ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਾਬ ਕੁਮਾਰ ਦੇਬ ਨੇ ਅਜਿਹੇ ਹੀ ਇੱਕ ਵਿਵਾਦਤ ਬਿਆਨ 'ਤੇ ਮੁਆਫੀ ਮੰਗੀ ਹੈ।


ਦੇਬ ਨੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਸੀ ਕਿ ਜੱਟ ਸਰੀਰਕ ਤੌਰ 'ਤੇ ਬਹੁਤ ਮਜ਼ਬੂਤ ਹੁੰਦੇ ਹਨ ਪਰ ਦਿਮਾਗ਼ੀ ਨਹੀਂ ਹੁੰਦੇ ਜਦ ਕਿ ਬੰਗਾਲੀ ਬਹੁਤ ਬੁੱਧੀਮਾਨ ਹੁੰਦੇ ਹਨ। ਹੁਣ ਉਨ੍ਹਾਂ ਬੰਗਾਲੀਆਂ ਦੀ ਤੁਲਨਾ ਪੰਜਾਬੀਆਂ ਤੇ ਜੱਟਾਂ ਨਾਲ ਕਰਨ ’ਤੇ ਮੁਆਫ਼ੀ ਮੰਗੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਹੀਂ ਸੀ।

ਮੁੱਖ ਮੰਤਰੀ ਦੇ ਬਿਆਨ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਕਲਿੱਪ 'ਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਗਿਆ, " ਬੰਗਾਲੀ ਬਹੁਤ ਬੁੱਧੀਮਾਨ ਹਨ ਤੇ ਇਹ ਉਨ੍ਹਾਂ ਦੀ ਪਛਾਣ ਹੈ ਜਦ ਕਿ ਪੰਜਾਬੀਆਂ ਤੇ ਜੱਟਾਂ ਨੂੰ ਆਪਣੀ ਸਰੀਰਕ ਤਾਕਤ ਲਈ ਜਾਣਿਆ ਜਾਂਦਾ ਹੈ। ਜਦੋਂ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਪੰਜਾਬੀ ਸਰਦਾਰ ਹੈ। ਉਨ੍ਹਾਂ ਕੋਲ ਸ਼ਾਇਦ ਬਹੁਤ ਘੱਟ ਬੁੱਧੀ ਹੋਵੇ ਪਰ ਉਹ ਬਹੁਤ ਤਾਕਤਵਰ ਹਨ। ਕੋਈ ਉਨ੍ਹਾਂ ਨੂੰ ਤਾਕਤ ਨਾਲ ਨਹੀਂ ਜਿੱਤ ਸਕਦਾ ਪਰ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ। ਜੱਟ ਵੀ ਘੱਟ ਬੁੱਧੀਮਾਨ ਹਨ ਪਰ ਬਹੁਤ ਸਿਹਤਮੰਦ ਹਨ। ਜੇਕਰ ਕੋਈ ਜੱਟ ਨੂੰ ਚੁਣੌਤੀ ਦਿੰਦਾ ਹੈ ਤਾਂ ਉਹ ਆਪਣੇ ਘਰ ਤੋਂ ਬੰਦੂਕ ਲੈ ਕੇ ਆਵੇਗਾ।"

ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਨੇ ਕੀਤਾ ਪੈਨਸ਼ਨ ਘੁਟਾਲਾ! ਹੁਣ ਲੋਕਾਂ ਤੋਂ ਵਾਪਸ ਲਿਆ ਜਾਵੇਗਾ 1 ਅਰਬ 62 ਕਰੋੜ ਰੁਪਇਆ

ਮੰਗਲਵਾਰ ਸਵੇਰੇ ਹਿੰਦੀ 'ਚ ਟਵੀਟ ਦੀ ਲੜੀ 'ਚ ਮੁੱਖ ਮੰਤਰੀ ਨੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਤੇ ਕਿਹਾ ਕਿ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਪੰਜਾਬੀ ਤੇ ਜੱਟ ਹਨ ਤੇ ਉਨ੍ਹਾਂ ਨੂੰ ਇਨ੍ਹਾਂ ਦੋਵਾਂ ’ਤੇ ਮਾਣ ਹੈ। ਦੇਬ ਨੇ ਟਵੀਟ ਕੀਤਾ, "ਮੈਂ ਹਮੇਸ਼ਾ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਪੰਜਾਬੀ ਤੇ ਜੱਟਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਹਾਂ ਤੇ ਮੈਂ ਕਦੇ ਵੀ ਇਨ੍ਹਾਂ ਦੋਵਾਂ ਭਾਈਚਾਰਿਆਂ ਵੱਲੋਂ ਭਾਰਤ ਨੂੰ ਅੱਗੇ ਵਧਾਉਣ ਵਿੱਚ ਨਿਭਾਈ ਭੂਮਿਕਾ ’ਤੇ ਪ੍ਰਸ਼ਨ ਉਠਾਉਣ ਦੀ ਕਲਪਨਾ ਨਹੀਂ ਕਰ ਸਕਦਾ। ਮੈਂ ਉਨ੍ਹਾਂ ਦੇ ਬਾਰੇ ਕੁਝ ਲੋਕਾਂ ਦੇ ਵਿਚਾਰ ਪ੍ਰਗਟ ਕੀਤੇ ਹਨ। ਮੈਨੂੰ ਪੰਜਾਬੀ ਤੇ ਜੱਟ ਭਾਈਚਾਰਿਆਂ 'ਤੇ ਮਾਣ ਹੈ। ਮੈਂ ਉਨ੍ਹਾਂ 'ਚ ਕਾਫ਼ੀ ਸਮੇਂ ਤੋਂ ਰਿਹਾ ਹਾਂ। ਜੇ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਲਈ ਮੁਆਫੀ ਮੰਗਾਂਗਾ।"