ਚੰਡੀਗੜ੍ਹ : ਪੰਜਾਬ 'ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜਾਈਆਂ ਜਾਣ ਵਾਲੀਆਂ ‘ਪੰਜਾਬ ਦਾ ਇਤਿਹਾਸ’ (History of Punjab) ਦੀਆਂ ਕਿਤਾਬਾਂ ’ਚ ਸਿੱਖ ਇਤਿਹਾਸ (Sikh History) ਨਾਲ ਸਬੰਧਤ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਮਾਮਲੇ ’ਚ ਮੋਹਾਲੀ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਦਿਸ਼ਾ-ਨਿਰਦੇਸ਼ਾਂ ’ਤੇ ਵੱਡੀ ਕਾਰਵਾਈ ਕਰਦਿਆਂ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਲੇਖਕਾਂ/ਪਬਲਿਸ਼ਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਦੱਸਿਆ ਜਾਂਦਾ ਹੈ ਕਿ ਬਲਦੇਵ ਸਿੰਘ ਸਿਰਸਾ ਵੱਲੋਂ ਇਨ੍ਹਾਂ ਵਿਵਾਦਤ ਪੁਸਤਕਾਂ ਦੇ ਮਾਮਲੇ ’ਚ ਕਾਰਵਾਈ ਕਰਨ ਲਈ ਦਰਖ਼ਾਸਤ ਦਿੱਤੀ ਗਈ ਸੀ। ਮੋਹਾਲੀ ਪੁਲਿਸ ਨੇ ਬਲਦੇਵ ਸਿੰਘ ਸਿਰਸਾ ਵੱਲੋਂ ਦਿੱਤੀ ਸ਼ਿਕਾਇਤ 'ਤੇ ਲੇਖਕਾਂ/ਪਬਲਿਸ਼ਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਨਿਰਦੇਸ਼ਾਂ 'ਤੇ ਇਹ ਵੱਡੀ ਕਾਰਵਾਈ ਹੋਈ ਹੈ। 12ਵੀਂ ਜਮਾਤ ਦੀਆਂ ਕਿਤਾਬਾਂ 'ਚ ਸਿੱਖ ਇਤਿਹਾਸ ਨਾਲ ਸਬੰਧਿਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ।
ਬਲਦੇਵ ਸਿੰਘ ਸਿਰਸਾ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਕਤ ਦੋਸ਼ੀਆਂ ਵੱਲੋਂ ਮਿਲੀਭੁਗਤ ਰਾਹੀਂ ਇੱਕ ਕੋਝੀ ਸਾਜਿਸ਼ ਅਧੀਨ 12ਵੀਂ ਜਮਾਤ ਦੀ ਕਿਤਾਬ ਹਿਸਟਰੀ ਆਫ ਪੰਜਾਬ ਵਿੱਚ ਲੇਖਕਾਂ ਵੱਲੋਂ ਸਿੱਖ ਇਤਹਾਸ ਨੂੰ ਬਹੁਤ ਹੀ ਤੋੜ-ਮਰੋੜ ਕੇ ਅਤੇ ਸਿੱਖ ਧਰਮ ਨੂੰ ਮੁੱਢੋਂ ਰੱਦ ਕਰਦਿਆਂ ਲਿਖਿਆ ਗਿਆ ਹੈ। ਉਨ੍ਹਾਂ ਲਿਖਿਆ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਇਸ ਕਿਤਾਬ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਪੜਾਉਣ ਦੀ ਪ੍ਰਾਨਗੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਬਲਦੇਵ ਸਿੰਘ ਸਿਰਸਾ ਨੇ ਬੀਤੇ ਕੱਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਹੁਣ ਤੱਕ ਸਰਕਾਰ ਨੇ ਤਿੰਨ ਕਿਤਾਬਾਂ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਨ੍ਹਾਂ ਵਿਚ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ ਪਰ ਸਰਕਾਰ ਨੇ ਵਾਅਦੇ ਮੁਤਾਬਕ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਅਤੇ ਵੱਡੀ ਗੱਲ ਇਹ ਹੈ ਕਿ ਪਾਬੰਦੀਸ਼ੁਦਾ ਤਿੰਨ ਕਿਤਾਬਾਂ ਤੋਂ ਬਿਨਾਂ 36 ਹੋਰ ਕਿਤਾਬਾਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਮੈਂ ਆਰ.ਟੀ.ਆਈ ਵਿੱਚ ਇਸਦੀ ਜਾਣਕਾਰੀ ਮੰਗੀ ਸੀ ਪਰ ਅਜੇ ਤੱਕ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।
ਸਿਰਸਾ ਨੇ ਕਿਹਾ ਕਿ ਹੌਲੀ-ਹੌਲੀ ਪਤਾ ਲੱਗ ਰਿਹਾ ਹੈ ਕਿ ਇਹ ਗਲਤ ਜਾਣਕਾਰੀ ਅਤੇ ਇਤਿਹਾਸ ਨਾਲ ਛੇੜਛਾੜ 1997 ਤੋਂ ਹੋ ਰਹੀ ਹੈ। ਸਾਰਿਆਂ ਉਪਰ ਪਰਚਾ ਹੋਣਾ ਚਾਹੀਦਾ ਅਤੇ ਇਨ੍ਹਾਂ ਕਿਤਾਬਾਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕੁਝ ਕਿਤਾਬਾਂ ਅਜਿਹੀਆਂ ਹਨ ,ਜਿਨ੍ਹਾਂ ਦਾ ਮੈਂ ਵਿਰੋਧ ਕੀਤਾ ਸੀ ,ਜਿਨ੍ਹਾਂ 'ਤੇ 2017 'ਚ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਹੁਣ ਉਹੀ ਕਿਤਾਬਾਂ ਦੁਬਾਰਾ ਪੜ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਅਸੀਂ ਵਿਦਵਾਨਾਂ ਦਾ ਇੱਕ ਪੈਨਲ ਬਣਾ ਰਹੇ ਹਾਂ , ਜੋ ਕਿਤਾਬ ਇਹ ਸਾਨੂੰ ਦੇਣਗੇ , ਉਹ ਇਸਨੂੰ ਪਹਿਲਾਂ ਪੜਨਗੇ ਚੈੱਕ ਕਰਨ ਤੋਂ ਬਾਅਦ ਉਸਨੂੰ ਪਾਸ ਕੀਤਾ ਜਾਵੇਗਾ।