ਫ਼ਰੀਦਕੋਟ: ਲੋਕ ਸਭਾ ਸੀਟ ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੇ ਐਤਵਾਰ ਨੂੰ ਬਾਬਾ ਫਰੀਦ ਜੀ ਦੇ ਅਸਥਾਨ ਟਿੱਲਾ ਬਾਬਾ ਫਰੀਦ ਜੀ 'ਤੇ ਨਤਮਸਤਕ ਹੋ ਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪਹਿਲੀ ਵਾਰ ਮੁਹੰਮਦ ਸਦੀਕ ਦੇ ਨਾਲ ਦੁਗਾਣਾ ਕਰਨ ਵਾਲੀ ਪੰਜਾਬ ਦੀ ਮਕਬੂਲ ਗਾਇਕਾ ਬੀਬੀ ਰਣਜੀਤ ਕੌਰ ਨੇ ਵੀ ਸਟੇਜ 'ਤੇ ਹਾਜ਼ਰੀ ਲੁਆਈ ਤੇ ਸਦੀਕ ਲਈ ਵੋਟਾਂ ਮੰਗੀਆਂ।



ਇੱਥੇ ਕਰਵਾਏ ਜਲਸੇ ਵਿੱਚ ਕਾਂਗਰਸੀ ਵਰਕਰ ਤੇ ਲੀਡਰ ਇਕੱਠੇ ਹੋਏ ਜਿਨ੍ਹਾਂ ਵਿੱਚ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ, ਮੋਗਾ ਵਿਧਾਇਕ ਡਾ. ਕਮਲਜੋਤ ਤੇ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾਡ਼ ਦੇ ਇਲਾਵਾ ਹੋਰ ਕਈ ਨਾਮਵਰ ਕਾਂਗਰਸੀ ਲੀਡਰ ਸ਼ਾਮਲ ਸਨ।

ਇਸ ਮੌਕੇ ਸਦੀਕ ਨੇ ਮੋਦੀ ਸਰਕਾਰ ਤੇ ਅਕਾਲੀ ਦਲ 'ਤੇ ਜਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਅਜਿਹੇ ਚੌਕੀਦਾਰ ਨੂੰ ਦੰਡ ਮਿਲਣਾ ਚਾਹੀਦਾ ਹੈ ਜੋ ਆਪਣੀ ਡਿਊਟੀ ਵੇਲੇ ਸੌਂ ਰਿਹਾ ਹੋਵੇ। ਮੋਦੀ ਵੀ ਅਜਿਹਾ ਹੀ ਚੋਂਕੀਦਾਰ ਨਿਕਲੇ ਜੋ ਸੌਂ ਰਹੇ ਸੀ ਤੇ ਮਾਲਿਆ ਅਤੇ ਨੀਰਵ ਮੋਦੀ ਜਿਹੇ ਲੋਕ ਦੇਸ਼ ਦਾ ਪੈਸਾ ਲੈ ਕੇ ਵਿਦੇਸ਼ ਨਿਕਲ ਗਏ ਤੇ ਸਰਹਦ 'ਤੇ ਦੁਸ਼ਮਣ ਫੌਜਾਂ ਨੇ ਸਾਡੇ ਫੌਜੀ ਸ਼ਹੀਦ ਕੀਤੇ। ਚੋਂਕੀਦਾਰ ਸੌਂ ਰਹੇ ਸੀ ਜਦੋਂ 350 ਕਿੱਲੋ ਆਰਡੀਐਕਸ ਪੁਲਾਵਾਮਾ ਵਿੱਚ ਪੁਹੰਚਿਆ ਤੇ ਸਾਡੇ CRPF ਦੇ ਜਵਾਨਾਂ ਨੂੰ ਆਪਣੀ ਜਾਨ ਦੇਣੀ ਪਈ।

ਮੀਡੀਆ ਨਾਲ ਗੱਲ ਕਰਦਿਆਂ ਸਦੀਕ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਲੱਗ ਰਹੇ ਸਾਰੇ ਇਲਜ਼ਾਮ ਗ਼ਲਤ ਹਨ।