ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਆਪਣੇ ਉਮੀਦਵਾਰ ਜਨਰਲ ਜੇਜੇ ਸਿੰਘ ਦੀ ਟਿਕਟ ਵਾਪਸ ਲੈ ਲਈ ਹੈ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸੀ ਕਿ ਉਹ ਖਡੂਰ ਸਾਹਿਬ ਸੀਟ ਤੋਂ ਪੰਜਾਬ ਜਮਹੂਰੀ ਗਠਜੋੜ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣਗੇ ਤੇ ਆਪਣਾ ਉਮੀਦਵਾਰ ਜਨਰਲ (ਸੇਵਾ ਮੁਕਤ) ਜੇਜੇ ਸਿੰਘ ਵਾਪਸ ਲੈ ਸਕਦੇ ਹਨ।
ਹਾਲਾਂ ਕਿ ਜੇਜੇ ਸਿੰਘ ਨੇ ਕਈ ਵਾਰ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਏਕਤਾ ਪ੍ਰਧਾਨ ਖਹਿਰਾ ਦਾ ਸੁਝਾਅ ਸਵੀਕਾਰ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਜਦਕਿ ਬੀਬੀ ਖਾਲੜਾ ਦੀ ਉਮੀਦਵਾਰੀ ਦਾ ਐਲਾਨ ਦੋ ਦਿਨਾਂ ਬਾਅਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਵਾਂਗ ਉਹ ਵੀ ਇੱਕ ਪੰਥਕ ਚਿਹਰਾ ਹਨ ਇਸ ਲਈ ਆਪਣਾ ਨਾਂ ਵਾਪਸ ਨਹੀਂ ਲੈਣਗੇ। ਪਰ ਅੱਜ ਮੁਹਾਲੀ ਵਿੱਚ ਹੋਈ ਮੀਟਿੰਗ ਦੌਰਾਨ ਆਖ਼ਰੀ ਫੈਸਲਾ ਲਿਆ ਗਿਆ ਕਿ ਉਹ ਜਨਰਲ ਜੇਜੇ ਸਿੰਘ ਦਾ ਨਾਂ ਵਾਪਸ ਲੈਣਗੇ।
ਯਾਦ ਰਹੇ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਆਪਣਾ ਉਮੀਦਵਾਰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਇਸੇ ਤਰ੍ਹਾਂ ਗੱਠਜੋੜ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਐਡਵੋਕੇਟ ਐਚਐਸ ਫੂਲਕਾ ਨੇ ਵੀ ਦੂਜੀਆਂ ਧਿਰਾਂ ਨੂੰ ਅਪੀਲ ਕੀਤੀ ਸੀ ਕਿ ਬੀਬੀ ਖਾਲੜਾ ਦੇ ਹੱਕ ਵਿੱਚ ਉਮੀਦਵਾਰ ਨਾ ਉਤਾਰਿਆ ਜਾਵੇ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨੇ ਵੀ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਹ ਫੂਲਕਾ ਵੱਲੋਂ ਨਵੇਂ ਸਿਰੇ ਤੋਂ ਗਠਜੋੜ ਬਣਾਉਣ ਦਾ ਸਵਾਗਤ ਕਰਦੇ ਹਨ ਪਰ ਜੇਜੇ ਸਿੰਘ ਖਡੂਰ ਸਾਹਿਬ ਤੋਂ ਸਾਡੇ ਉਮੀਦਵਾਰ ਬਣੇ ਰਹਿਣਗੇ। ਉਨ੍ਹਾਂ ਕਿਹਾ ਸੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਸਤਿਕਾਰਯੋਗ ਹਨ। ਉਨ੍ਹਾਂ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਹੈ। ਇਸ ਕਰਕੇ ਉਨ੍ਹਾਂ ਨੂੰ ਚੋਣ ਨਹੀਂ ਲੜਨੀ ਚਾਹੀਦੀ ਬਲਕਿ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਜਨਰਲ ਜੇਜੇ ਸਿੰਘ ਦਾ ਨਾਂ ਵਾਪਸ ਲਏ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਬੀਬੀ ਜਗੀਰ ਕੌਰ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਪੰਥਕ ਵੋਟ ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਹੈ। ਟਕਸਾਲੀਆਂ ਦੀ ਵੋਟ ਵੀ ਬੀਬੀ ਖਾਲੜਾ ਨੂੰ ਮਿਲਣ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ।
ਬੀਬੀ ਖਾਲੜਾ ਦੇ ਪੱਖ 'ਚ ਟਕਸਾਲੀਆਂ ਨੇ ਲਿਆ ਵੱਡਾ ਫੈਸਲਾ
ਏਬੀਪੀ ਸਾਂਝਾ
Updated at:
14 Apr 2019 07:39 PM (IST)
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਆਪਣੇ ਉਮੀਦਵਾਰ ਜਨਰਲ ਜੇਜੇ ਸਿੰਘ ਦੀ ਟਿਕਟ ਵਾਪਸ ਲੈ ਲਈ ਹੈ। ਜਨਰਲ ਜੇਜੇ ਸਿੰਘ ਦਾ ਨਾਂ ਵਾਪਸ ਲਏ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਬੀਬੀ ਜਗੀਰ ਕੌਰ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ।
- - - - - - - - - Advertisement - - - - - - - - -