ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ-ਬੀਜੇਪੀ ਤੇ ਕਾਂਗਰਸ ਖਿਲਾਫ ਸਾਰੀਆਂ ਧਿਰਾਂ ਨੇ ਇੱਕ ਮੰਚ 'ਤੇ ਇਕੱਠੇ ਹੋਣ ਕੀ ਕੋਸ਼ਿਸ਼ ਕੀਤੀ ਸੀ ਪਰ ਆਪਣੀਆਂ ਗਿਣਤੀਆਂ-ਮਿਣਤੀਆਂ ਕਰਕੇ ਅਜਿਹਾ ਸੰਭਵ ਨਹੀਂ ਹੋ ਸਕਿਆ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਹੀ ਮੁੱਖ ਟੱਕਰ ਹੋਏਗੀ। ਦੋਵੇਂ ਰਵਾਇਤੀ ਪਾਰਟੀ ਵਿਰੋਧੀਆਂ ਦੇ ਵੋਟ ਵੰਡੇ ਜਾਣ ਵਿੱਚੋਂ ਆਪਣੀ ਜਿੱਤ ਤਲਾਸ਼ ਰਹੇ ਹਨ।
ਯਾਦ ਰਹੇ ਅਕਾਲੀ ਦਲ-ਬੀਜੇਪੀ ਤੇ ਕਾਂਗਰਸ ਨੂੰ ਛੱਡ ਕੇ ਇਸ ਵਾਰ ਵਿਰੋਧੀ ਧਿਰਾਂ ਮੁੱਖ ਤੌਰ ’ਤੇ ਚਾਰ ਹਿੱਸਿਆਂ ਵਿੱਚ ਵੰਡੀਆਂ ਹਨ। ਇਨ੍ਹਾਂ ਵਿੱਚ ਪੰਜਾਬ ਜਮਹੂਰੀ ਗੱਠਜੋੜ (ਪੀਡੀਏ), ਆਮ ਆਦਮੀ ਪਾਰਟੀ (ਆਪ), ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਸੀਪੀਆਈ (ਐਮ) ਸ਼ਾਮਲ ਹਨ। ਪੀਡੀਏ ਵਿੱਚ ਛੇ ਪਾਰਟੀਆਂ ਵੱਲੋਂ ਸ਼ਾਮਲ ਹੋ ਕੇ ਸਾਰੀਆਂ 13 ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ। ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਸੀਪੀਆਈ (ਐਮ) ਇਕੱਲੇ-ਇਕੱਲੇ ਚੱਲ ਰਹੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅ੍ਰੰਮਿਤਸਰ ਤੇ ਹੋਰ ਪੰਥਕ ਧਿਰਾਂ ਵੱਖਰੇ ਤੌਰ 'ਤੇ ਮੈਦਾਨ ਵਿੱਚ ਡਟੀਆਂ ਹਨ।
ਇਨ੍ਹਾਂ ਸਾਰੀਆਂ ਪਾਰਟੀਆਂ ਦਾ ਵੱਖ-ਵੱਖ ਹਲਕਿਆਂ ਵਿੱਚ ਥੋੜ੍ਹਾ ਬਹੁਤਾ ਪ੍ਰਭਾਵ ਹੈ। ਜੇਕਰ ਇਹ ਇੱਕ ਮੰਚ 'ਤੇ ਇਕੱਠੀਆਂ ਹੋ ਜਾਂਦੀਆਂ ਤਾਂ ਅਕਾਲੀ ਦਲ-ਬੀਜੇਪੀ ਤੇ ਕਾਂਗਰਸ ਨੂੰ ਟੱਕਰ ਦਿੱਤੀ ਜਾ ਸਕਦੀ ਸੀ। ਵੱਖ-ਵੱਖ ਚੋਣ ਲੜਨ ਨਾਲ ਲਾਹਾ ਰਵਾਇਤੀ ਪਾਰਟੀਆਂ ਨੂੰ ਹੀ ਹੋਏਗਾ। ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਖਹਿਰਾ ਨੇ ਚੋਣਾਂ ਤੋਂ ਪਹਿਲਾਂ ਕੋਸ਼ਿਸ਼ ਕੀਤੀ ਸੀ ਪਰ ਕਈ ਧਿਰਾਂ ਚਾਹੁੰਦੇ ਹੋਏ ਇੱਕ ਮੰਚ 'ਤੇ ਨਹੀਂ ਆ ਸਕੀਆਂ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸ਼ਾਮਲ ਹਨ।
ਦਿਲਚਸਪ ਹੈ ਕਿ ‘ਆਪ’ ਨੇ ਪੀਡੀਏ ਨਾਲ ਇਸ ਆਧਾਰ ’ਤੇ ਸਮਝੌਤਾ ਨਹੀਂ ਕੀਤਾ ਕਿ ਉਹ ਖਹਿਰਾ ਤੇ ਬੈਂਸ ਨਾਲ ਸਾਂਝ ਨਹੀਂ ਪਾ ਸਕਦੇ। ਇਸੇ ਤਰ੍ਹਾਂ ਅਕਾਲੀ ਦਲ ਟਕਸਾਲੀ ਦਾ ‘ਆਪ’ ਤੇ ਪੀਡੀਏ ਨਾਲ ਆਨੰਦਪੁਰ ਦੀ ਸੀਟ ਦੇ ਰੱਫੜ ਕਾਰਨ ਸਮਝੌਤਾ ਨਹੀਂ ਹੋ ਸਕਿਆ, ਜਿਸ ਕਾਰਨ ਪੰਜਾਬ ਦਾ ਨੁਕਸਾਨ ਕਰਨ ਵਾਲੀਆਂ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਸਬਕ ਸਿਖਾਉਣ ਦਾ ਮੌਕਾ ਖੁੰਝ ਗਿਆ ਜਾਪਦਾ ਹੈ।