ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਬਣੇ ਹੋਏ ਦੋ ਸਿੱਕੇ ਜਾਰੀ ਕੀਤੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਨ੍ਹਾਂ ਸਿੱਕਿਆਂ ਪ੍ਰਤੀ ਸੰਗਤ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਸਿੱਕਿਆਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਦੇ ਦੋਵੇਂ ਪਾਸੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਿਆਂ ਦੇ ਚਿੱਤਰ ਉੱਕਰੇ ਹੋਏ ਹਨ। ਇੱਕ ਪਾਸੇ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਦੂਸਰੇ ਪਾਸੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦਾ ਚਿੱਤਰ ਉੱਕਰਿਆ ਹੋਇਆ ਹੈ।



ਸੋਨੇ ਦਾ ਜੋ ਸਿੱਕੇ ਹਨ ਉਹ ਪੰਜ ਗ੍ਰਾਮ ਤੇ ਦਸ ਗ੍ਰਾਮ ਵਜ਼ਨ ਦੇ ਹਨ ਅਤੇ ਚਾਂਦੀ ਦੇ ਸਿੱਕੇ ਪੱਚੀ ਗ੍ਰਾਮ ਅਤੇ ਪੰਜਾਹ ਗ੍ਰਾਮ ਦੇ ਹਨ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਿੱਕਿਆਂ ਨੂੰ ਟੈਂਡਰ ਪ੍ਰਕਿਰਿਆ ਰਾਹੀਂ ਸੁਨਿਆਰਿਆਂ ਕੋਲੋਂ ਤਿਆਰ ਕਰਵਾਇਆ ਹੈ ਅਤੇ ਇਨ੍ਹਾਂ ਦੀ ਕੀਮਤ ਸੋਨੇ ਅਤੇ ਚਾਂਦੀ ਦੀ ਬਾਜ਼ਾਰ ਭਾਅ ਮੁਤਾਬਿਕ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿੱਕੇ ਤਿਆਰ ਕਰਨ ਵਾਲਾ ਸੁਨਿਆਰੇ ਲਈ ਇੱਕ ਹਜ਼ਾਰ ਰੁਪਏ ਮਿਹਨਤਾਨਾ ਵਸੂਲ ਕੀਤਾ ਜਾਵੇਗਾ।



ਇਹ ਸਿੱਕੇ ਭਲਕੇ ਯਾਨੀ ਕਿ ਮੰਗਲਵਾਰ ਤੋਂ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਇਨ੍ਹਾਂ ਦੇ ਪ੍ਰਤੀ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੁਣੇ ਤੋਂ ਹੀ ਮਿਲਣਾ ਸ਼ੁਰੂ ਹੋ ਗਿਆ ਹੈ। ਸਿੱਕਿਆਂ ਦੀ ਜ਼ਿੰਮੇਵਾਰੀ ਧਰਮ ਪ੍ਰਚਾਰ ਕਮੇਟੀ ਸਿਰ ਹੈ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾ ਨੇ 'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਦੌਰਾਨ ਆਖਿਆ ਕਿ ਜਿਵੇਂ ਇਤਿਹਾਸਕ ਸਮਾਗਮਾਂ ਮੌਕੇ ਸਿੱਕੇ ਜਾਰੀ ਹੁੰਦੇ ਹਨ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ 550ਵੀਂ ਜੈਅੰਤੀ ਮੌਕੇ ਵੀ ਇਹ ਸਿੱਕੇ ਜਾਰੀ ਕੀਤੇ ਗਏ ਹਨ। ਜੌੜਾ ਨੇ ਦੱਸਿਆ ਕਿ ਇਨ੍ਹਾਂ ਸਿੱਕਿਆਂ ਨੂੰ ਤਿਆਰ ਕਰਨ ਦਾ ਮਕਸਦ ਇਹ ਹੈ ਕਿ ਇਹ ਇੱਕ ਯਾਦਗਾਰੀ ਚਿੰਨ੍ਹ ਵਜੋਂ ਸੰਭਾਲਣਯੋਗ ਹਨ। ਉਨ੍ਹਾਂ ਦੱਸਿਆ ਕਿ ਸੋਨੇ ਦੀ ਸ਼ੁੱਧਤਾ ਬਾਰੇ ਬਕਾਇਦਾ ਸਰਟੀਫ਼ਿਕੇਟ ਵੀ ਦਿੱਤਾ ਜਾਵੇਗਾ।