ਲੁਧਿਆਣਾ: ਪਹਾੜਾਂ ਵਿੱਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਚੱਲ ਰਹੀ ਸ਼ੀਤ ਲਹਿਰ ਕਰਕੇ ਪਿਛਲੇ 24 ਘੰਟਿਆਂ ਤੋਂ ਸੂਬੇ ਦੇ ਛੇ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਪਾਰਾ 0 ਤੋਂ 2 ਡਿਗਰੀ ਤਕ ਪਹੁੰਚ ਚੁੱਕਾ ਹੈ। ਇਸ ਸੀਜ਼ਨ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੱਕੋ ਵਾਰ 6 ਜ਼ਿਲ੍ਹਿਆਂ ਦਾ ਤਾਪਮਾਨ ਇੰਨਾ ਹੇਠਾਂ ਡਿੱਗਿਆ ਹੈ। ਇਸ ਨਾਲ ਠੰਢ ਹੋਰ ਵਧ ਗਈ ਹੈ। ਉੱਧਰ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 24 ਘੰਟਿਆਂ ਤਕ ਸ਼ੀਤ ਲਹਿਰ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ। ਬੁੱਧਵਾਰ ਸਵੇਰੇ ਵੀ ਕੋਰੇ ਦੀ ਪਰਤ ਬਣੀ ਰਹੀ। ਬਠਿੰਡਾ ਦਾ ਘੱਟੋ-ਘੱਟ ਪਾਰਾ 0.9 ਡਿਗਰੀ ਦਰਜ ਕੀਤਾ ਗਿਆ। ਜਲੰਧਰ, ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿੱਚ ਤਾਪਮਾਨ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਸੂਬੇ ਵਿੱਚ ਹਾਲੇ ਬਾਰਸ਼ ਦੀ ਸੰਭਾਵਨਾ ਨਹੀਂ ਹੈ। ਹਿਸਾਰ ਵਿੱਚ -1 ’ਤੇ ਪੁੱਜਾ ਪਾਰਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਮੰਗਲਵਾਰ ਦੀ ਰਾਤ ਪਾਰਾ -1 ਡਿਗਰੀ ’ਤੇ ਚਲਾ ਗਿਆ। ਇਹ ਹਰਿਆਣਾ ਵਿੱਚ ਦਸੰਬਰ ਮਹੀਨੇ ਦੀ 22 ਸਾਲਾਂ ਵਿੱਚ ਦੂਜੀ ਸਭ ਤੋਂ ਠੰਢੀ ਰਾਤ ਰਹੀ। ਇਸ ਤੋਂ ਪਹਿਲਾਂ 1996 ਵਿੱਚ ਘੱਟੋ-ਘੱਟ ਪਾਰਾ -1.8 ਰਿਹਾ ਸੀ।
ਸ਼ਹਿਰ ਵੱਧ ਤੋਂ ਵੱਧ ਤਾਪਮਾਨ ਘੱਟੋ-ਘੱਟ ਤਾਪਮਾਨ
ਅੰਮ੍ਰਿਤਸਰ 18.8 1.5
ਲੁਧਿਆਣਾ 18.5 2.4
ਜਲੰਧਰ 20.0 1.7
ਬਠਿੰਡਾ 18.2 0.9
ਪਟਿਆਲਾ 19.0 4.8
ਫਿਰੋਜ਼ਪੁਰ 19.5 1.5