ਚੰਡੀਗੜ੍ਹ: ਪੰਜਾਬ ਅੰਦਰ ਦਿਨੋ-ਦਿਨ ਨਿੱਘਰਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਦਾ ਵਫ਼ਦ ਮੰਗਲਵਾਰ ਨੂੰ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਮਿਲਿਆ। ਡੀਜੀਪੀ ਨੂੰ ਮੰਗ ਪੱਤਰ ਸੌਂਪਣ ਉਪਰੰਤ ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਡੀਜੀਪੀ ਕੋਲ ਪੰਜਾਬ ਪੁਲਿਸ ਦੇ ਕਾਂਗਰਸੀਕਰਨ ਹੋ ਜਾਣ ਦਾ ਮੁੱਦਾ ਚੁੱਕਿਆ ਤੇ ਪੁਲਿਸਤੰਤਰ ਨੂੰ ਸਿਆਸਤਦਾਨਾਂ ਦੇ ਚੁੰਗਲ 'ਚ ਮੁਕਤ ਕਰਾਉਣ ਦੀ ਮੰਗ ਰੱਖੀ।


ਚੀਮਾ ਅਨੁਸਾਰ ਸੂਬੇ 'ਚ ਸੱਤਾਧਾਰੀਆਂ ਤੇ ਪੁਲਿਸ ਦੀ ਸਰਪ੍ਰਸਤੀ ਬਗੈਰ ਕੋਈ ਵੀ ਮਾਫ਼ੀਆ, ਗੈਂਗਸਟਰ, ਨਸ਼ਾ ਤਸਕਰ ਤੇ ਸਮਾਜ ਵਿਰੋਧੀ ਤੱਤ ਸਿਰ ਨਹੀਂ ਚੁੱਕ ਸਕਦੇ। ਉਨ੍ਹਾਂ ਕਿਹਾ ਕਿ ਗੈਂਗਸਟਰ ਦੀ ਪੁਸ਼ਤਪਨਾਹੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦਰਮਿਆਨ ਜੋ ਬਿਆਨਬਾਜ਼ੀ ਚੱਲ ਰਹੀ ਹੈ, ਉਸ ਤੋਂ ਸਾਫ਼ ਹੈ ਕਿ ਦੋਵੇਂ ਧਿਰਾਂ (ਅਕਾਲੀ-ਕਾਂਗਰਸੀ) ਗੈਂਗਸਟਰਾਂ ਤੇ ਸਮਾਜ ਵਿਰੋਧੀ ਤੱਤਾਂ ਨੂੰ ਪੂਰੀ ਸਰਪ੍ਰਸਤੀ ਦਿੰਦੀਆਂ ਹਨ। ਚੀਮਾ ਨੇ ਮੰਗ ਕੀਤੀ ਕਿ ਗੈਂਗਸਟਰਾਂ ਨੂੰ ਪਨਾਹ ਤੇ ਪਾਰਟੀ ਪੱਧਰ 'ਤੇ ਤਾਕਤ ਦੇਣ ਦੇ ਦੋਸ਼ਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੇ ਮੈਂਬਰਾਂ ਤੇ ਇਸ ਗਰੋਹ ਦਾ ਹਿੱਸਾ ਹੋਰ ਆਗੂਆਂ 'ਤੇ ਮੁਕੱਦਮਾ ਦਰਜ ਕੀਤਾ ਜਾਵੇ।

ਹਰਪਾਲ ਚੀਮਾ ਅਨੁਸਾਰ ਉਨ੍ਹਾਂ ਡੀਜੀਪੀ ਕੋਲ ਪੁਲਿਸ ਦੇ ਕੰਮਕਾਰ ਸਿੱਧੀ ਸਿਆਸੀ ਦਖ਼ਲਅੰਦਾਜ਼ੀ ਕਰਕੇ ਪੁਲਿਸ ਫੋਰਸ ਦਾ ਮਨੋਬਲ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਲੁਧਿਆਣਾ ਦੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੀ ਮੰਤਰੀ ਭਾਰਤ ਭਾਰਤ ਭੂਸ਼ਨ ਆਸ਼ੂ ਦੇ ਦਬਾਅ ਥੱਲੇ ਮੁਅੱਤਲੀ ਤੇ ਇਸੇ ਮੰਤਰੀ ਦੇ ਰੋਅਬ ਥੱਲੇ ਲੁਧਿਆਣਾ ਦੇ ਏਸੀਪੀ ਜਤਿੰਦਰ ਅਰੋੜਾ ਕੋਲੋਂ ਕਾਂਗਰਸੀ ਆਗੂ ਸਾਹਮਣੇ 'ਮੁਆਫ਼ੀ' ਵਰਗੇ ਕੇਸਾਂ ਨੇ ਪੁਲਿਸ ਦੇ ਅੱਛੇ ਅਫ਼ਸਰਾਂ ਤੇ ਮੁਲਾਜ਼ਮਾਂ ਦਾ ਮਨੋਬਲ ਹੋਰ ਤੋੜ ਦਿੱਤਾ ਹੈ।