ਲੁਧਿਆਣਾ: ਜਗਰਾਓਂ ਦੇ ਪਿੰਡ ਚੀਮਾ ਦਾ ਰਹਿਣ ਵਾਲਾ 31 ਸਾਲਾ ਸਾਬਕਾ ਨੇਵੀ ਅਫਸਰ ਜਗਵੀਰ ਸਿੰਘ ਆਪਣੇ ਪੰਜ ਸਾਥੀਆਂ ਨਾਲ ਪਿਛਲੇ ਪੰਜ ਮਹੀਨੇ ਤੋਂ ਚੀਨ ਦੀ ਹਿਰਾਸਤ ਵਿੱਚ ਹੈ। ਕਪਤਾਨ ਵਜੋਂ ਜਗਵੀਰ ਮਰਵਿੰਨ ਕੰਪਨੀ ਦਾ ਜਹਾਜ਼ ਲੈ ਕੇ ਆਪਣੀ ਪਹਿਲੀ ਅਸਾਈਨਮੈਂਟ ਪੂਰੀ ਕਰਨ ਜਾ ਰਿਹਾ ਸੀ ਜਦੋਂ ਜਹਾਜ਼ ਦੇ ਕੁਝ ਜ਼ਰੂਰੀ ਕਾਗਜ਼ਾਤ ਪੂਰੇ ਨਾ ਹੋਣ ਕਰਕੇ ਚੀਨੀ ਜਲ ਸੈਨਾ ਨੇ ਜਗਵੀਰ ਨੂੰ ਸਮੁੰਦਰ ਵਿਚਾਲੇ ਹੀ ਰੋਕ ਕੇ ਉਸ ਦੇ ਪੰਜ ਸਾਥੀਆਂ ਨਾਲ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ।


ਜਗਵੀਰ ਸਿੰਘ ਦੇ ਪਿਤਾ ਪਰਮਜੀਤ ਸਿੰਘ ਦਾ ਕਹਿਣਾ ਹੈ ਕੇ ਜਦੋਂ ਕੰਪਨੀ ਨੇ ਜਗਵੀਰ ਨੂੰ ਜਹਾਜ਼ ਲੈ ਕੇ ਚੀਨ ਜਾਣ ਲਈ ਕਿਹਾ ਤਾਂ ਕੁਝ ਕਾਗਜ਼ ਘੱਟ ਸਨ। ਜਗਵੀਰ ਸਿੰਘ ਨੇ ਜਦੋਂ ਕੰਪਨੀ ਦੇ ਅਧਿਕਾਰੀਆਂ ਨਾਲ ਕਾਗਜ਼ਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕੇ ਤੁਹਾਨੂੰ ਅਗਲੀ ਬੰਦਰਗਾਹ 'ਤੇ ਕਾਗਜ਼ ਮਿਲ ਜਾਣਗੇ ਪਰ ਅਜਿਹਾ ਨਹੀਂ ਹੋਇਆ। ਅਗਲੀ ਬੰਦਰਗਾਹ 'ਤੇ ਪਹੁੰਚਣ ਤੋਂ ਪਹਿਲਾਂ ਹੀ ਚੀਨੀ ਜਲ ਸੈਨਾ ਨੇ ਕਪਤਾਨ ਜਗਵੀਰ ਨੂੰ ਉਸ ਦੇ ਪੰਜ ਸਾਥੀਆਂ ਨਾਲ ਹਿਰਾਸਤ 'ਚ ਲੈ ਲਿਆ। ਬਾਅਦ ਵਿੱਚ ਚੀਨ ਨੇ ਜਗਵੀਰ ਦੇ ਬਾਕੀ ਸਾਥੀਆਂ ਨੂੰ ਤਾਂ ਛੱਡ ਦਿੱਤਾ ਪਰ ਜਗਵੀਰ ਨੂੰ ਜਹਾਜ਼ ਦਾ ਕਪਤਾਨ ਹੋਣ ਕਰਕੇ ਅਜੇ ਵੀ ਚੀਨ ਨੇ ਆਪਣੇ ਕਬਜ਼ੇ ਵਿੱਚ ਰੱਖਿਆ ਹੈ। ਕਪਤਾਨ ਜਗਵੀਰ 16 ਜੁਲਾਈ ਤੋਂ ਚੀਨ ਦੀ ਹਿਰਾਸਤ ਵਿੱਚ ਹੈ।


 

ਜਗਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਭਾਰਤੀ ਵਿਦੇਸ਼ ਮੰਤਰਾਲਾ ਤੇ ਪ੍ਰਧਾਨ ਮੰਤਰੀ ਜਗਵੀਰ ਨੂੰ ਘਰ ਵਾਪਸ ਲੈ ਕੇ ਆਉਣ ਵਿੱਚ ਉਨ੍ਹਾਂ ਦੀ ਮਦਦ ਕਰਨ। ਜਿੱਥੇ ਪਰਿਵਾਰ ਮਦਦ ਦੀ ਗੁਹਾਰ ਲੈ ਰਿਹਾ ਹੈ, ਉਥੇ ਹੀ ਜਗਵੀਰ ਦੇ ਪਰਿਵਾਰਕ ਮੈਂਬਰਾਂ ਨੇ ਮਰਵਿਨ ਕੰਪਨੀ ਤੇ ਜਗਵੀਰ ਨਾਲ ਧੋਖਾ ਕਰਨ ਦੇ ਵੀ ਇਲਜ਼ਾਮ ਲਾਏ ਹਨ।


ਕਪਤਾਨ ਜਗਵੀਰ ਸਿੰਘ ਦੀ ਪਤਨੀ ਗਗਨਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਮਰਵਿਨ ਕੰਪਨੀ ਖ਼ਿਲਾਫ਼ ਇੰਡੀਅਨ ਡਾਇਰੈਕਟਰ ਜਨਰਲ ਆਫ ਸ਼ਿਪਿੰਗ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਦੂਜੇ ਪਾਸੇ ਜਾਂਚ ਕਰਨ ਤੋਂ ਬਾਅਦ ਇਹ ਪਤਾ ਲੱਗਾ ਕੇ ਮਰਵਿਨ ਕੰਪਨੀ ਅਜਿਹੀ ਹਰਕਤ ਪਹਿਲਾਂ ਵੀ ਬਹੁਤ ਵਾਰ ਕਰ ਚੁੱਕੀ ਹੈ। ਇਸੇ ਦੇ ਚੱਲਦਿਆਂ ਡੀਜੀ ਸ਼ਿਪਿੰਗ ਨੇ ਮਰਵਿਨ ਕੰਪਨੀ ਖ਼ਿਲਾਫ਼ ਮੁੰਬਈ ਦੇ ਅੰਬੋਲੀ ਥਾਣੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਹੈ। ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਕੰਪਨੀ ਦੇ ਅਧਿਕਾਰੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

ਕਪਤਾਨ ਜਗਵੀਰ ਸਿੰਘ ਨੇ 2009 ਵਿੱਚ ਨੇਵੀ 'ਚ ਭਰਤੀ ਹੋਇਆ ਸੀ। ਇਸ ਤੋਂ ਬਾਅਦ 2019 ਵਿੱਚ ਉਹ ਮਰਵਿਨ ਕੰਪਨੀ ਨਾਲ ਬਤੌਰ ਕਪਤਾਨ ਜੁੜਿਆ ਸੀ। ਜਗਵੀਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਣਵਾਈ ਕਿਤੇ ਵੀ ਨਹੀਂ ਹੋ ਰਹੀ। ਇਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮਦਦ ਮੰਗੀ ਹੈ ਤਾਂ ਜੋ ਉਨ੍ਹਾਂ ਦਾ ਪੁੱਤਰ ਚੀਨ ਦੀ ਹਿਰਾਸਤ ਵਿੱਚੋਂ ਨਿਕਲ ਕੇ ਆਪਣੇ ਘਰ ਆ ਸਕੇ।