ਮਨਪ੍ਰੀਤ ਬਾਦਲ ਦਾ ਮੁਲਾਜ਼ਮਾਂ ਨੂੰ ਦੋ-ਟੁੱਕ ਜਵਾਬ, ਖਾਤਿਆਂ ਦਾ ਹਿਸਾਬ ਨਹੀਂ ਤਾਂ ਤਨਖਾਹਾਂ ਵੀ ਨਹੀਂ
ਏਬੀਪੀ ਸਾਂਝਾ | 10 Dec 2019 02:49 PM (IST)
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਖਜ਼ਾਨਾ ਖਾਲੀ ਹੋਣ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਰੋਕੀਆਂ ਗਈਆਂ ਸਗੋਂ ਇਸ ਦਾ ਕਾਰਨ ਕੁਝ ਹੋਰ ਹੀ ਹੈ। ਤਨਖਾਹਾਂ ਨਾ ਮਿਲਣ ਕਰਕੇ ਧਰਨੇ ਦੇ ਰਹੇ ਸਰਕਾਰੀ ਕਰਮਚਾਰੀਆਂ ਨੂੰ ਮਨਪ੍ਰੀਤ ਬਾਦਲ ਨੇ ਸਖਤ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਜਿਨ੍ਹਾਂ ਸਮਾਂ ਇਹ ਵਿਭਾਗ ਚੱਲ ਰਹੇ ਖਾਤਿਆਂ ਦਾ ਹਿਸਾਬ ਨਹੀਂ ਦੇਣਗੇ, ਓਨਾ ਸਮਾਂ ਤਨਖਾਹ ਰਿਲੀਜ਼ ਨਹੀਂ ਕੀਤੀ ਜਾਏਗੀ।
ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਖਜ਼ਾਨਾ ਖਾਲੀ ਹੋਣ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਰੋਕੀਆਂ ਗਈਆਂ ਸਗੋਂ ਇਸ ਦਾ ਕਾਰਨ ਕੁਝ ਹੋਰ ਹੀ ਹੈ। ਤਨਖਾਹਾਂ ਨਾ ਮਿਲਣ ਕਰਕੇ ਧਰਨੇ ਦੇ ਰਹੇ ਸਰਕਾਰੀ ਕਰਮਚਾਰੀਆਂ ਨੂੰ ਮਨਪ੍ਰੀਤ ਬਾਦਲ ਨੇ ਸਖਤ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਜਿਨ੍ਹਾਂ ਸਮਾਂ ਇਹ ਵਿਭਾਗ ਚੱਲ ਰਹੇ ਖਾਤਿਆਂ ਦਾ ਹਿਸਾਬ ਨਹੀਂ ਦੇਣਗੇ, ਓਨਾ ਸਮਾਂ ਤਨਖਾਹ ਰਿਲੀਜ਼ ਨਹੀਂ ਕੀਤੀ ਜਾਏਗੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਵਿਭਾਗਾਂ ਦੇ ਚੱਲ ਰਹੇ ਖਾਤਿਆਂ ਦਾ ਹਿਸਾਬ ਮੰਗਿਆ ਗਿਆ ਸੀ ਕਿਉਂਕਿ ਉਨ੍ਹਾਂ ਖਾਤਿਆਂ ਵਿੱਚ ਸਰਕਾਰੀ ਪੈਸਾ ਜਮ੍ਹਾਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਭਾਗਾਂ ਨੇ ਚੱਲ ਰਹੇ ਖਾਤਿਆਂ ਦਾ ਹਿਸਾਬ ਦੇ ਦਿੱਤਾ ਹੈ, ਉਨ੍ਹਾਂ ਦੀਆਂ ਤਨਖਾਹਾਂ ਰਿਲੀਜ਼ ਕਰ ਦਿੱਤੀਆਂ ਗਈਆਂ ਹਨ। ਮਨਪ੍ਰੀਤ ਬਾਦਲ ਨੇ ਸਰਕਾਰੀ ਮੁਲਾਜ਼ਮਾਂ ਦੇ ਹਾਲਾਤ 'ਤੇ ਚਿੰਤਾ ਵੀ ਜਤਾਈ ਪਰ ਕਿਹਾ ਕਿ ਸਖਤੀ ਦੀ ਜ਼ਰੂਰਤ ਹੈ ਕਿਉਂਕਿ ਵਿਭਾਗਾਂ ਤੋਂ ਇਨ੍ਹਾਂ ਖਾਤਿਆਂ ਦਾ ਹਿਸਾਬ ਹਰ ਮਹੀਨੇ ਮੰਗਿਆ ਜਾਂਦਾ ਹੈ ਪਰ ਨਹੀਂ ਮਿਲਦਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਖਜ਼ਾਨੇ ਵਿੱਚ ਇਨ੍ਹਾਂ ਕਰਮਚਾਰੀਆਂ ਦੀ ਤਨਖ਼ਾਹ ਸੁਰੱਖਿਅਤ ਪਈ ਹੈ ਜਿਸ ਸਮੇਂ ਖਾਤਿਆਂ ਦਾ ਹਿਸਾਬ ਆ ਜਾਏਗਾ, ਉਸੇ ਹੀ ਸਮੇਂ ਤਨਖਾਹ ਵੀ ਪਾ ਦਿੱਤੀ ਜਾਏਗੀ।