ਅੰਮ੍ਰਿਤਸਰ : ਹਰ ਸਾਲ 13-14 ਅਗਸਤ ਨੂੰ ਮਨਾਏ ਜਾਣ ਵਾਲੇ ਹਿੰਦ-ਪਾਕਿ ਦੋਸਤੀ ਮੇਲੇ ਦੇ ਰੰਗ ਇਸ ਵਾਰ ਕੁੱਝ ਫਿੱਕੇ ਨਜ਼ਰ ਆ ਰਹੇ ਹਨ। ਕਿਉਂਕਿ ਦੋਹਾਂ ਦੇਸ਼ਾਂ ਵੱਲੋਂ ਭਾਰਤ-ਪਾਕਿਸਤਾਨ ਦਰਮਿਆਨ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਸ਼ਾਂਤੀ ਪ੍ਰੇਮੀਆਂ ਅਤੇ ਕਲਾਕਾਰਾਂ ਨੂੰ ਵੀਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।     ਦਰਅਸਲ ਹਰ ਸਾਲ ਹੋਣ ਵਾਲੇ ਇਸ ਹਿੰਦ-ਪਾਕਿ' ਮੇਲੇ 'ਚ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਦੀਆਂ ਹਨ।       ਇਸ ਮੇਲੇ ਦੀ ਸ਼ੁਰੂਆਤ ਅੰਮ੍ਰਿਤਸਰ ਦੀ ਪੰਜਾਬ ਨਾਟ ਸ਼ਾਲਾ ਤੋਂ ਕੀਤੀ ਜਾਣੀ ਸੀ।ਜਿਸ ਵਿੱਚ ਪਾਕਿਸਤਾਨ ਦੇ ਆਜ਼ਾਦ ਥੀਏਟਰ ਗਰੁੱਪ ਲਾਹੌਰ ਦੇ ਕਲਾਕਾਰਾਂ ਨੇ ਇੱਕ ਖ਼ਾਸ ਨਾਟਕ ਦੀ ਪੇਸ਼ਕਾਰੀ ਕਰਨੀ ਸੀ। ਪਰ ਉਨ੍ਹਾਂ ਪਾਕਿਸਤਾਨੀ ਕਲਾਕਾਰਾਂ ਨੂੰ ਵੀਜ਼ੇ ਨਾ ਮਿਲਣ ਕਰ ਕੇ ਹੁਣ ਇਸ ਨਾਟਕ ਦੀ ਪੇਸ਼ਕਾਰੀ ਭਾਰਤੀ ਕਲਾਕਾਰਾਂ ਵੱਲੋਂ ਹੀ ਕੀਤੀ ਜਾਵੇਗੀ।       ਇਸ ਤੋਂ ਇਲਾਵਾ 14-15 ਅਗਸਤ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਤੋਂ ਆਏ ਕਲਾਕਾਰਾਂ ਅਤੇ ਸ਼ਾਂਤੀ ਦੂਤਾਂ ਵੱਲੋਂ ਦੋਹਾਂ ਮੁਲਕਾਂ ਦੀਆਂ ਸਰਹੱਦਾਂ ਤੇ ਆ ਕੇ ਮੋਮਬਤੀਆਂ ਜਗਾਈਆਂ ਜਾਂਦੀਆਂ ਹਨ। ਇਸ ਵਿੱਚ ਸ਼ਾਮਿਲ ਹੋਣ ਲਈ ਕੁੱਝ ਭਾਰਤੀ ਪਾਕਿਸਤਾਨ ਵੱਲ ਜਾਂਦੇ ਸਨ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਸਨ।ਪਰ ਇਸ ਵਾਰ ਕਿਸੇ ਵੀ ਭਾਰਤੀ ਨੂੰ ਪਾਕਿਸਤਾਨ ਜਾ ਕੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਾਈ ਵੀਜ਼ਾ ਨਹੀਂ ਜਾਰੀ ਕੀਤਾ ਗਿਆ। ਪਾਕਿਸਤਾਨ ਤੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕੁੱਲ 7 ਲੋਕ ਭਾਰਤ ਪੁੱਜੇ ਹਨ।ਜਿੰਨਾ ਵਿੱਚ ਕੁੱਝ ਪੱਤਰਕਾਰ ਅਤੇ ਕੁੱਝ ਬੁੱਧੀਜੀਵੀ ਸ਼ਾਮਿਲ ਹਨ.