ਬਾਜਵਾ ਦਾ ਸ਼ੁਸ਼ਮਾ ਸਵਰਾਜ 'ਤੇ ਤਿੱਖਾ ਹਮਲਾ
ਏਬੀਪੀ ਸਾਂਝਾ | 13 Aug 2016 06:28 AM (IST)
ਚੰਡੀਗੜ੍ਹ: ਮੈਂ ਸੰਸਦ ਦੇ ਅਗਲੇ ਸੈਸ਼ਨ 'ਚ ਇਰਾਕ ਦੇ 39 ਭਾਰਤੀਆਂ ਦੇ ਮਾਮਲੇ 'ਚ ਵਿਦੇਸ਼ੀ ਮੰਤਰੀ ਸ਼ੁਸ਼ਮਾ ਸਵਰਾਜ ਦੇ ਖ਼ਿਲਾਫ ਵਿਸ਼ੇਸ਼ ਅਧਿਕਾਰ ਦਾ ਮਤਾ ਲੈ ਕੇ ਆਵਾਂਗੇ ਕਿਉਂਕਿ ਉਹ ਸੱਚ ਦੱਸਣ ਦੀ ਥਾਂ ਲਗਾਤਾਰ ਪੀੜਤਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਗੱਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਏ ਬੀ ਪੀ ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਹੀ ਹੈ। ਉਨ੍ਹਾਂ ਕਿਹਾ ਕਿ ਜੇ 39 ਭਾਰਤੀ ਜ਼ਿੰਦਾ ਹਨ ਤਾਂ ਸ਼ੁਸ਼ਮਾ ਸਵਰਾਜ ਕੋਈ ਸਬੂਤ ਪੇਸ਼ ਕਿਉਂ ਨਹੀਂ ਕਰਦੇ। ਉਨ੍ਹਾਂ ਮੰਗ ਕੀਤੀ ਕਿ ਜੇ ਸਰਕਾਰ ਸੱਚ ਬੋਲ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਇਰਾਕ 'ਚ ਆਲ ਪਾਰਟੀ ਡੈਲੀਗੇਸ਼ਨ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦੇ ਪਰਿਵਾਰ ਬਹੁਤ ਦੁਖੀ ਹਨ ਕਿਉਂਕਿ ਉਹ ਹਰ ਰੋਜ਼ ਮਰ ਰਹੇ ਹਨ। ਸਰਕਾਰ ਦਾ ਇਸਨੂੰ ਜਲਦ ਕੋਈ ਹੱਲ ਕੱਢਣਾ ਚਾਹੀਦਾ ਹੈ। ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਪਦ ਦੇ ਉਮੀਦਵਾਰ ਦੇ ਐਲਾਨ ਬਾਰੇ ਬਾਜਵਾ ਨੇ ਕਿਹਾ ਕਿ ਪੰਜਾਬ ਮੁੱਖ ਮੰਤਰੀ ਪਦ ਦੇ ਉਮੀਦਵਾਰ ਬਾਰੇ ਫੈਸਲਾ ਕਾਂਗਰਸ ਹਾਈਕਮਾਨ ਨੇ ਕਰਨਾ ਹੈ ਤੇ ਕਾਂਗਰਸ ਕੋਲ ਕਈ ਚਿਹਰੇ ਹਨ ਉਨ੍ਹਾਂ 'ਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਸਕਦੀ ਹੈ। ਬਾਜਵਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪਦ ਦੀ ਦਾਅਵੇਦਾਰੀ ਦੇ ਸਵਾਲ ਨੂੰ ਟਾਲ ਗਏ। ਉਨ੍ਹਾਂ ਕੈਪਟਨ ਦੀ ਮੁੱਖ ਮੰਤਰੀ ਪਦ ਦੇ ਉੁਮੀਦਵਾਰ ਬਣ ਦੀ ਪੈਰਵੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਮਸਲੇ 'ਤੇ ਪੰਜਾਬ ਸਰਕਾਰ ਲਗਾਤਾਰ ਝੂਠ ਬੋਲ ਰਹ ਹੈ ਤੇ ਭੋਲੇ ਦਾ ਇਕ ਕੇਸ 'ਚੋਂ ਬਰੀ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਅਦਾਲਤ 'ਚ ਪੁਲਿਸ ਕੇਸਾਂ ਦੀ ਸਹੀ ਪੈਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰਿਆਣਾ ਹਾਈਕੋਰਟ ਦਾ ਮੁੱਖ ਸੰਸਦੀ ਸਕੱਤਰਾਂ ਬਾਰੇ ਫੈਸਲਾ ਬਿਲਕੁਲ ਸਹੀ ਹੈ ਕਿਉਂਕਿ ਅਜਿਹੇ ਅਹੁਦੇ ਪੰਜਾਬ ਦੇ ਖ਼ਜ਼ਾਨੇ 'ਤੇ ਵਾਧੂ ਭਾਰ ਪਾਉਂਦੇ ਹਨ। ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਆਉਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਲੋਕ ਕਾਂਗਰਸ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਗੈਰ-ਤਜ਼ਰਬੇਕਾਰ ਪਾਰਟੀ ਦੇ ਹੱਥ 'ਚ ਪੰਜਾਬ ਦੀ ਵਾਗਡੋਰ ਨਹੀਂ ਦੇਣਗੇ। ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਲਈ ਕੰਮ ਕੀਤਾ ਹੈ ਤੇ ਕਾਂਗਰਸ ਹੀ ਪੰਜਾਬ ਨੂੰ ਵੱਡੇ ਸੰਕਟਾਂ 'ਚੋਂ ਕੱਢ ਸਕਦੀ ਹੈ।