ਚੰਡੀਗੜ੍ਹ: ਮੁਹਾਲੀ ਦੇ ਫੇਜ 11 ਸਥਿਤ ਨਾਈਟ ਕਲੱਬ ਵਿੱਚ ਪੰਜਾਬ ਪੁਲਿਸ ਦੇ ਕਮਾਂਡੋ ਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਹੈ। ਮ੍ਰਿਤਕ ਦੀ ਸ਼ਨਾਖ਼ਤ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਸੁਖਵਿੰਦਰ ਕੁਮਾਰ ਵਜੋਂ ਹੋਈ ਹੈ। ਸੁਖਵਿੰਦਰ ਨੂੰ ਗੋਲ਼ੀਆਂ ਮਾਰਨ ਵਾਲਾ ਮੁਲਜ਼ਮ ਸਾਹਿਲ ਮੌਕੇ ਤੋਂ ਫਰਾਰ ਹੈ।

ਐਤਵਾਰ ਸਵੇਰੇ ਸਵਾ ਕੁ ਤਿੰਨ ਵਜੇ ਇਹ ਘਟਨਾ ਵਾਪਰੀ ਦੱਸੀ ਗਈ ਹੈ। ਮੁਹਾਲੀ ਦੇ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਫੇਜ਼ 11 ਸਥਿਤ ਨਾਈਟ ਕਲੱਬ "ਵਾਕਿੰਗ ਸਟ੍ਰੀਟ" ਵਿੱਚ ਮ੍ਰਿਤਕ ਤੇ ਮੁਲਜ਼ਮ ਆਪਣੇ ਦੋਸਤਾਂ ਨਾਲ ਆਏ ਸਨ। ਕਲੱਬ ਵਿੱਚ ਕਿਸੇ ਗੱਲੋਂ ਦੋਵਾਂ ਦੀ ਬਹਿਸ ਹੋ ਗਈ। ਝਗੜਾ ਜ਼ਿਆਦਾ ਵੱਧ ਜਾਣ 'ਤੇ ਕਲੱਬ ਮਾਲਕ ਨੇ ਦੋਹਾਂ ਨੂੰ ਬਾਹਰ ਕੱਢ ਦਿੱਤਾ, ਜਿੱਥੇ ਸਾਹਿਲ ਨੇ ਸੁਖਵਿੰਦਰ 'ਤੇ ਗੋਲ਼ੀ ਚਲਾ ਦਿੱਤੀ।



ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਨੇ ਤਿੰਨ ਗੋਲ਼ੀਆਂ ਮਾਰੀਆਂ, ਜਿਸ ਵਿੱਚੋਂ ਇੱਕ ਕਮਾਂਡੋ ਦੀ ਹਿੱਕ ਵਿੱਚ ਜਾ ਲੱਗੀ। ਉਸ ਨੂੰ ਤੁਰੰਤ ਸੈਕਟਰ 71 ਵਿੱਚ ਸਥਿਤ ਆਈਵੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਕਾਰਨ ਕਲੱਬ ਮਾਲਕ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਉਸ ਨੇ ਇੰਨੀ ਦੇਰ ਰਾਤ ਤਕ ਕਲੱਬ ਖੁੱਲ੍ਹਾ ਰੱਖਿਆ।