ਜਲੰਧਰ: ਕਮਿਸ਼ਨਰੇਟ ਪੁਲਿਸ ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਕ੍ਰਿਕੇਟ ਟੂਰਨਾਮੈਂਟ ਵਿੱਚ ਸਰਗਰਮ ਅੰਤਰ ਸਟੇਟ ਕ੍ਰਿਕੇਟ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਕੇਸ਼ ਕੁਮਾਰ ਉਰਫ ਸੇਠੀ (42) ਵਾਸੀ ਕ੍ਰਿਸ਼ਨਾ ਨਗਰ, ਅਤੁਲ ਕੁਮਾਰ (22) ਵਾਸੀ ਮੁਹੱਲਾ ਗੋਬਿੰਦਗੜ, ਸੁਮਿਤ ਨਈਅਰ (31) ਵਾਸੀ ਗੋਬਿੰਦ ਨਗਰ, ਅਰੁਣ ਸ਼ਰਮਾ (32) ਵਾਸੀ ਮਧੂਬਨ ਕਲੋਨੀ, ਸੁਖਪਾਲ ਸਿੰਘ (35) ਵਾਸੀ ਹਰਦੇਵ ਨਗਰ, ਕੀਰਤੀ ਗੋਸਵਾਮੀ (31) ਵਾਸੀ BT ਕਲੋਨੀ, ਘਸ ਮੰਡੀ ਤੇ ਕ੍ਰਿਸ਼ਣ ਨਗਰ ਦੇ ਪ੍ਰਿੰਸ ਪੁਰੀ (30) ਵਜੋਂ ਹੋਈ ਹੈ।

ਪੁਲਿਸ ਨੇ ਇਨ੍ਹਾਂ ਕੋਲੋਂ ਦੋ ਬਰੀਫਕੇਸ ਵਿੱਚ ਫਿੱਟ ਕੀਤੇ 18 ਮੋਬਾਈਲ ਫੋਨ ਅਤੇ ਚਾਰਜਰਜ਼, ਦੋ ਲੈਪਟਾਪ, ਦੋ ਮਾਈਕ, ਸਪੀਕਰ ਤੇ ਕਾਰਾਂ (PB08-CW-2340) (PB08-DS-0240) ਤੇ 23 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮਿਸ਼ਨਰ ਆਫ ਪੁਲਿਸ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਤੇ ਡਿਪਟੀ ਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੀਆਈਏ -1 ਦੀ ਟੀਮ ਨੇ ਵਰਿਆਨਾ ਅੱਡਾ ਦੇ ਨੇੜੇ ਆਪਣਾ ਜਾਲ ਵਿਛਾਇਆ ਤੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ।

ਉਨ੍ਹਾਂ ਦੱਸਿਆ ਕਿ ਇਹ ਰੈਕੇਟ ਮੁਕੇਸ਼ ਤੇ ਹੋਰਾਂ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ। ਇਨ੍ਹਾਂ ਨੇ ਯੂਕੇ ਦੀ ਕੰਪਨੀ Betacular.com 'ਤੇ ਰਜਿਸਟਰ ਕੀਤਾ ਹੋਇਆ ਸੀ ਜਿੱਥੇ ਇਸ ਸਾਲ ਜਨਵਰੀ ਵਿੱਚ 10 ਹਜ਼ਾਰ ਰੁਪਏ ਦਾ ਭੁਗਤਾਨ ਕਰਕੇ ਸੱਟੇਬਾਜ਼ੀ ਨੂੰ ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਨੇ ਸੱਟੇਬਾਜ਼ੀ ਲਈ ਇੱਕ ਮੋਬਾਈਲ ਐਪਲੀਕੇਸ਼ਨ bettingassistantibook ਡਾਊਨਲੋਡ ਕੀਤੀ ਹੋਈ ਸੀ।

ਭੁੱਲਰ ਨੇ ਦੱਸਿਆ ਕਿ ਮੂਲ ਰੂਪ ਵਿੱਚ ਉਹ ਕਾਰ ਡੀਲਰ ਰੈਕੇਟ ਦਾ ਮੁਖੀ ਹੈ ਤੇ ਦਿੱਲੀ ਅਧਾਰਿਤ ਵਿਅਕਤੀਆਂ ਨਾਲ ਵੀ ਸਬੰਧ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਬਰਾਮਦ ਲੈਪਟਾਪਾਂ ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਵੇਰਵੇ ਤੋਂ ਵਧੇਰੇ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਰੈਕੇਟ ਵਿੱਚ 15-16 ਲੋਕ ਸ਼ਾਮਲ ਹਨ। ਉਨ੍ਹਾਂ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ।