ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਆਪਣੀ ਪਾਰਟੀ ਦੇ ਵੰਡੀਆਂ ਪਾਉਣ ਵਾਲੇ ਏਜੰਡੇ ਤਹਿਤ ਪੰਜਾਬ ਦੇ ਧਾਰਮਿਕ ਤੇ ਸੰਵੇਦਨਸ਼ੀਲ ਮੁੱਦਿਆਂ ਬਾਰੇ ਬੋਲ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਪੀਐਮ ਮੋਦੀ ਦੇ ਕਠੂਆ ਵਿੱਚ ਦਿੱਤੇ ਭਾਸ਼ਣ ਦੀ ਅਲੋਚਨਾ ਕਰਦਾ ਕਿਹਾ ਕਿ ਉਨ੍ਹਾਂ ਆਪਣੇ ਭਾਈਵਾਲ ਬਾਦਲਾਂ ਸਮੇਤ ਸਾਰੇ ਅਕਾਲੀ ਲੀਡਰਾਂ ਤੇ ਆਪਣੀ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੀ ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੇ ਸ਼ਤਾਬਦੀ ਸਮਾਗਮਾਂ ਮੌਕੇ ਗ਼ੈਰਹਾਜ਼ਰੀ 'ਤੇ ਕਿਉਂ ਨਹੀਂ ਸਵਾਲ ਚੁੱਕਿਆ।

ਮੁੱਖ ਮੰਤਰੀ ਨੇ ਸਵਾਲ ਚੁੱਕੇ ਕਿ ਇਸ ਮਹੱਤਵਪੂਰਨ ਸਮਾਗਮ ਮੌਕੇ ਮੋਦੀ ਖ਼ੁਦ ਕਿਉਂ ਨਹੀਂ ਆਏ ਤੇ ਬਾਦਲ ਇੱਥੇ ਪਹੁੰਚਣ ਵਿੱਚ ਫੇਲ੍ਹ ਕਿਉਂ ਰਹੇ ਤੇ ਪੀਐਮ ਇਹ ਸਭ ਅਣਦੇਖਿਆ ਕਿਉਂ ਕੀਤਾ। ਕੈਪਟਨ ਨੇ ਕਿਹਾ ਕਿ ਮੋਦੀ ਨੇ ਉਨ੍ਹਾਂ 'ਤੇ ਸਵਾਲ ਚੁੱਕ ਕੇ ਪੰਜਾਬੀ ਭਾਈਚਾਰੇ ਤੋਂ ਆਪਣੇ ਸਿਆਸੀ ਹਿੱਤਾਂ ਲਈ ਸਮਰਥਨ ਲੈਣ ਦੀ ਕੋਝੀ ਚਾਲ ਚੱਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀਆਂ ਚਾਲਾਂ ਨਾਲ ਪੀਐਮ ਆਪਣੇ ਏਜੰਡੇ ਨੂੰ ਪੰਜਾਬ ਵਿੱਚ ਫੈਲਾਉਣ 'ਚ ਕਾਮਯਾਬ ਨਹੀਂ ਹੋ ਸਕਣਗੇ।