ਚੰਡੀਗੜ੍ਹ: ਪ੍ਰਸ਼ਾਸਨ ਵੱਲੋਂ ਬੋਰਡਾਂ ਉੱਪਰ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਥਾਨ ਨਾ ਦੇਣ ਖਿਲਾਫ ਇੱਕ ਵਾਰ ਮੁੜ ਕੂਚੀ ਫੇਰ ਮਹਿੰਮ ਮਘ ਗਈ ਹੈ। ਐਤਵਾਰ ਨੂੰ ਕਈ ਥਾਈਂ ਅੰਗਰੇਜ਼ੀ ਤੇ ਹਿੰਦੀ ਵਾਲੇ ਬੋਰਡਾਂ ਉੱਪਰ ਕਾਲੀ ਕੂਚੀ ਫੇਰੀ ਗਈ। ਮਾਂ ਬੋਲੀ ਸਤਿਕਾਰ ਕਮੇਟੀ ਨੇ ਬਠਿੰਡਾ-ਪਟਿਆਲਾ ਕੌਮੀ ਸ਼ਾਹਰਾਹ ਦੇ ਸੈਂਕੜੇ ਸਾਈਨ ਬੋਰਡਾਂ ’ਤੇ ਕਾਲੀ ਕੂਚੀ ਫੇਰ ਦਿੱਤੀ। ਇਹ ਮੁਹਿੰਮ 15 ਅਪਰੈਲ ਤੱਕ ਚੱਲੇਗੀ।

ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਈਨ ਬੋਰਡਾਂ ’ਤੇ ਬੀਤੀ ਰਾਤ ਕਾਲਾ ਪੋਚਾ ਫੇਰ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਾਬਕਾ ਗੈਂਗਸਟਰ ਲੱਖਾ ਸਧਾਣਾ, ਦਲ ਖ਼ਾਲਸਾ ਦੇ ਬਾਬਾ ਹਰਦੀਪ ਮਹਿਰਾਜ, ਬੀਕੇਯੂ (ਕ੍ਰਾਂਤੀਕਾਰੀ) ਦੇ ਸੁਰਜੀਤ ਫੂਲ ਤੇ ਅਕਾਲੀ ਦਲ (ਅੰਮ੍ਰਿਤਸਰ) ਰਜਿੰਦਰ ਸਿੰਘ ਫ਼ਤਿਹਗੜ੍ਹ ਛੰਨਾ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ। ਮਾਂ ਬੋਲੀ ਸਤਿਕਾਰ ਕਮੇਟੀ ਦੇ ਕਾਫ਼ਲੇ ਵਿੱਚ 300 ਤੋਂ ਜ਼ਿਆਦਾ ਕਾਰਕੁਨ ਸ਼ਾਮਲ ਸਨ।

ਬਠਿੰਡਾ ਵਿੱਚ ਰਾਤ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ, ਆਮਦਨ ਕਰ ਵਿਭਾਗ, ਡਾਕਘਰ ਤੇ ਮੈਕਸ ਹਸਪਤਾਲ ਦੇ ਸਾਈਨ ਬੋਰਡਾਂ ’ਤੇ ਕਾਲਾ ਪੋਚਾ ਫੇਰਿਆ ਗਿਆ। ਕਮੇਟੀ ਆਗੂ ਲੱਖਾ ਸਧਾਣਾ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਕਮੇਟੀ ਤਰਫ਼ੋਂ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬੀ ਭਾਸ਼ਾ ਲਾਗੂ ਕਰਾਉਣ ਸਬੰਧੀ ਮੰਗ ਪੱਤਰ ਦਿੱਤੇ ਗਏ ਸੀ।

ਕੌਮੀ ਹਾਈਵੇਅ ਅਥਾਰਿਟੀ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਪਰ ਸਰਕਾਰ ਨੇ ਮਾਂ ਬੋਲੀ ਦੇ ਸਤਿਕਾਰ ਲਈ ਕੋਈ ਕਦਮ ਨਹੀਂ ਚੁੱਕਿਆ ਜਿਸ ਕਰਕੇ ਸਤਿਕਾਰ ਕਮੇਟੀ ਨੂੰ ਇਹ ਮੁਹਿੰਮ ਵਿੱਢਣੀ ਪਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਪੂਰੇ 15 ਦਿਨ ਚੱਲੇਗੀ ਤੇ ਹਰ ਅੰਗਰੇਜ਼ੀ ਤੇ ਹਿੰਦੀ ਵਾਲੇ ਸਾਈਨ ਬੋਰਡ ’ਤੇ ਪੋਚਾ ਫੇਰਿਆ ਜਾਵੇਗਾ।