ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਈਟ ਅਤੇ ਕੈਮਰਾ ਤਾਂ ਪਸੰਦ ਹੈ, ਪਰ ਉਹ ਨੋ -ਐਕਸ਼ਨ ਵਾਲੇ ਮੁੱਖ ਮੰਤਰੀ ਹਨ। ਮੁੱਖ ਮੰਤਰੀ ਚੰਨੀ ਨੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕਰਦਿਆਂ ਬਠਿੰਡਾ ਦੇ ਦੋ ਕਿਸਾਨਾਂ ਨਾਲ ਫ਼ੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਫ਼ੋਟੋਆਂ ਨੂੰ ਪੰਜਾਬ ਭਰ ਪ੍ਰਚਾਰ- ਪ੍ਰਸਾਰ ਤਾਂ ਬਹੁਤ ਇਸਤਮਾਲ ਕੀਤਾ, ਪਰ ਉਨ੍ਹਾਂ ਕਿਸਾਨਾਂ ਨੂੰ ਹੁਣ ਤੱਕ ਕੋਈ ਮੁਆਵਜ਼ਾ ਰਾਸ਼ੀ ਨਹੀਂ ਮਿਲੀ।
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ 'ਤੇ ਰਾਘਵ ਚੱਢਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ''ਕੈਮਰੇ ਦੇ ਸ਼ੌਕੀਨ ਅਤੇ ਇਸ਼ਤਿਹਾਰ ਦੇ ਦੀਵਾਨੇ 'ਡਰਾਮੇਬਾਜ਼ੀ ਮੁੱਖ ਮੰਤਰੀ' ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਜ਼ਬਰਦਸਤੀ ਜੱਫੀਆਂ ਪਾਈਆਂ, ਪਰ ਮੁਆਵਜ਼ੇ ਦੇ ਨਾਂਅ 'ਤੇ ਧੋਖਾ ਦਿੱਤਾ ਹੈ।'' ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਕਿਸਾਨ ਬਲਵਿੰਦਰ ਸਿੰਘ ਖ਼ਾਲਸਾ ਨੂੰ ਜੱਫੀ ਤਾਂ ਪਾਈ, ਪਰ ਮੁਆਵਜ਼ੇ ਦੇ ਨਾਂ 'ਤੇ ਉਸ ਨੂੰ ਇੱਕ ਫੁੱਟੀ ਕੌਡੀ ਤੱਕ ਨਹੀਂ ਦਿੱਤੀ। ਲੋਕ ਬਲਵਿੰਦਰ ਸਿੰਘ ਖ਼ਾਲਸਾ ਨੂੰ ਹੁਣ ਕਹਿਣ ਲੱਗੇ ਹਨ ਕਿ 'ਤੈਨੂੰ ਤਾਂ ਮੁੱਖ ਮੰਤਰੀ ਨੇ ਜੱਫੀ ਪਾਈ ਸੀ, ਹੁਣ ਤੂੰ ਹੀ ਸਾਨੂੰ ਮੁਆਵਜ਼ਾ ਦਿਵਾ ਦੇ।'
ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਦੂਜੇ ਕਿਸਾਨ ਹਰਪ੍ਰੀਤ ਸਿੰਘ ਦੀ ਫ਼ੋਟੋ ਨੂੰ ਵੀ ਹਰ ਬੱਸ ਦੇ ਪਿੱਛੇ ਲਗਵਾ ਕੇ ਚੋਣਾ ਲਈ ਖ਼ੂਬ ਪ੍ਰਚਾਰ- ਪ੍ਰਸਾਰ ਕੀਤਾ, ਪਰ ਸਰਕਾਰ ਨੇ ਉਸ ਦੀ ਵੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਮੁੱਖ ਮੰਤਰੀ ਨਹੀਂ, ਸਗੋਂ 'ਕੰਪੇਨ ਮੰਤਰੀ' ਹਨ। ਮੁੱਖ ਮੰਤਰੀ ਚੰਨੀ ਨੂੰ ਫ਼ਿਲਮ ਦੀ ਸ਼ੂਟਿੰਗ ਦੀ ਤਰਾਂ ਲਾਈਟ ਅਤੇ ਕੈਮਰਾ ਤਾਂ ਬਹੁਤ ਪਸੰਦ ਹੈ, ਪਰ ਐਕਸ਼ਨ ਪਸੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਰਾਹ ਤੁਰ ਪਏ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁੱਖ ਮੰਤਰੀ ਹੁੰਦੇ ਸਮੇਂ ਕਿਸਾਨਾਂ ਦੀ ਕਰਜ਼ ਮੁਆਫ਼ੀ ਦੀ ਮੁਹਿੰਮ ਚਲਾ ਕੇ ਕਿਸਾਨ ਬੁੱਧ ਸਿੰਘ ਨਾਲ ਫ਼ੋਟੋ ਖਿਚਵਾਈ ਸੀ, ਜਿਸ 'ਤੇ ਕਰੀਬ ਢਾਈ ਲੱਖ ਰੁਪਏ ਦਾ ਕਰਜ਼ਾ ਸੀ, ਪਰ ਉਸ ਦੇ ਕਰਜ਼ੇ ਨੂੰ ਵੀ ਮੁਆਫ਼ ਨਹੀਂ ਕੀਤਾ ਗਿਆ ਸੀ।
ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਹਰ ਕਿਸਾਨ ਨੂੰ 75 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਅਤੇ ਭੂਮੀਹੀਣ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ 25- 25 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਰਾਘਵ ਚੱਢਾ ਨੇ ਕਿਹਾ ਕਿ ਮਾਲਵਾ ਖੇਤਰ ਵਿੱਚ ਮਾਨਸਾ ਤੋਂ ਮੌੜ ਤੱਕ ਅਤੇ ਸਰਦੂਲਗੜ੍ਹ ਤੋਂ ਤਲਵੰਡੀ ਤੱਕ ਇੱਕ ਲੱਖ ਹੈਕਟੇਅਰ ਤੋਂ ਜ਼ਿਆਦਾ ਜ਼ਮੀਨ 'ਤੇ ਨਰਮੇ ਦੀ ਫ਼ਸਲ ਖ਼ਰਾਬ ਹੋਈ ਹੈ।
ਰਾਘਵ ਚੱਢਾ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ੋਟੋਆਂ ਨਾਲ ਨੁਮਾਇਸ਼ ਕਰਕੇ ਵੋਟਾਂ ਨਹੀਂ ਮਿਲਣੀਆਂ, ਮੁਆਵਜ਼ਾ ਦੇ ਕੇ ਅਤੇ ਕੰਮ ਕਰਕੇ ਵੋਟਾਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦਾ ਇਸਤੇਮਾਲ 'ਯੂਜ਼ ਐਂਡ ਥਰੋਅ' ਦੀ ਨੀਤੀ ਨਾਲ ਕੀਤਾ ਹੈ, ਜੋ ਬਹੁਤ ਹੀ ਦੁਖਦਾਈ ਹੈ। ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਨੂੰ ਕਿਹਾ ਕਿ ਉਹ ਆਪਣੀ ਡਰਾਮੇਬਾਜ਼ੀ ਦੀ ਦਿੱਖ ਤੋਂ ਬਾਹਰ ਆ ਕੇ ਕੰਮ 'ਤੇ ਧਿਆਨ ਦੇਣ, ਨਹੀਂ ਤਾਂ ਜਿਵੇਂ ਕੈਪਟਨ ਦਾ ਪਤਨ ਹੋਇਆ, ਪੰਜਾਬ ਦਾ ਕਿਸਾਨ ਚੰਨੀ ਨੂੰ ਵੀ ਕੁਰਸੀ ਤੋਂ ਹਟਾ ਦੇਵੇਗਾ।