Punjab News: ਬਠਿੰਡਾ ਵਿੱਚ ਚਿੱਟੇ ਸਮੇਤ ਗ੍ਰਿਫ਼ਤਾਰ ਕਾਂਸਟੇਬਲ ਅਮਨਦੀਪ ਕੌਰ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਪੁਲਿਸ ਪਹਿਲਾਂ ਹੀ ਸੁਰਖੀਆਂ ਵਿੱਚ ਸੀ। ਇਸ ਦਰਮਿਆਨ ਇੱਕ ਆਈਪੀਐਸ ਅਫਸਰ ਦੀ ਕਥਿਤ ਤੌਰ ਉਤੇ ਆਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋਈ ਸੀ। ਇਸ ਤੋਂ ਬਾਅਦ ਹੁਣ ਸੁਖਪਾਲ ਖਹਿਰਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਆਡੀਓ ਬਾਰੇ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਇਆ ਦੋਸਤੋਂ, ਬੀਤੇ ਦਿਨੀਂ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਸਬੰਧਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਸੈਕਸ ਸਕੈਂਡਲ ਦੀ ਆਡੀਓ ਸੰਬੰਧੀ ਮੈਂ ਟਵੀਟ ਕੀਤਾ ਸੀ ਅਤੇ ਭਗਵੰਤ ਮਾਨ ਅਤੇ DGP ਪੰਜਾਬ ਨੂੰ ਇਹ ਪੁੱਛਿਆ ਸੀ ਕਿ ਕੀ ਇਸ ਆਡੀਓ ਵਿੱਚ IPS ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਹੈ ?
ਪਰੰਤੂ ਇਸ ਆਡੀਓ ਦੀ ਜਾਂਚ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ ਮੈਨੂੰ ਡਰਾਉਣ ਅਤੇ ਮੇਰੀ ਆਵਾਜ਼ ਨੂੰ ਬੰਦ ਕਰਨ ਦੇ ਨਜ਼ਰੀਏ ਨਾਲ ਸਟੇਟ ਸਾਇਬਰ ਕ੍ਰਾਈਮ ਸੈਲ ਰਾਹੀਂ ਟਵਿੱਟਰ (X) ਨੂੰ ਮੇਰੀ ਸ਼ਿਕਾਇਤ ਕੀਤੀ ਹੈ ਪਰੰਤੂ ਮੈਂ ਇਸ ਆਡੀਓ ਦੀ ਨਿਰਪੱਖ CBI ਜਾਂਚ ਦੀ ਮੰਗ ਕਰਦਾ ਹਾਂ ਤੇ ਮੁੜ ਦੁਹਰਾਉਂਦਾ ਹਾਂ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਬਦਲ ਦਿੱਤਾ ਹੈ
ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ ਕਿ 18 ਗ੍ਰਾਮ ਹੈਰੋਇਨ ਸਮੇਤ ਕਾਂਸਟੇਬਲ ਅਮਨਦੀਪ ਕੌਰ ਦੀ ਗ੍ਰਿਫ਼ਤਾਰੀ ਤੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਇੱਕ ਔਰਤ ਨਾਲ ਵਾਇਰਲ ਹੋਈ ਆਡੀਓ ਲਈ ਡੂੰਘੀ ਜਾਂਚ ਦੀ ਲੋੜ ਦੀ ਹੈ। ਜੇ ਵਰਦੀਧਾਰੀ ਆਦਮੀ ਇੰਨੇ ਹੇਠਾਂ ਡਿੱਗ ਗਏ ਹਨ ਤਾਂ ਆਮ ਲੋਕ ਪੁਲਿਸ ਤੋਂ ਕੀ ਉਮੀਦ ਕਰ ਸਕਦੇ ਹਨ ? ਤੇ ਅਜਿਹੇ ਅਧਿਕਾਰੀ ਦੇ ਅਧੀਨ ਇੱਕ ਸੁਤੰਤਰ ਅਤੇ ਨਿਰਪੱਖ ਲੁਧਿਆਣਾ ਪੱਛਮੀ ਉਪ-ਚੋਣ ਕਰਵਾਉਣਾ ਬਹੁਤ ਅਸੰਭਵ ਹੈ।ਇਸ ਲਈ ਅਸੀਂ ਉਕਤ ਅਧਿਕਾਰੀ ਦੇ ਤੁਰੰਤ ਤਬਾਦਲੇ ਤੇ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ
ਕੀ ਹੈ ਪੂਰਾ ਮਾਮਲਾ
ਦਰਅਸਲ, ਇੱਕ ਆਈਪੀਐਸ ਅਫਸਰ ਦੀ ਕਥਿਤ ਤੌਰ ਉਤੇ ਆਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਆਡੀਓ ਪੰਜਾਬ ਪੁਲਿਸ ਦੇ ਅਕਸ ਨੂੰ ਬੁਰੀ ਤਰ੍ਹਾਂ ਢਾਹ ਲਗਾ ਰਿਹਾ ਹੈ। ਇਸ ਕਥਿਤ ਆਡੀਓ ਵਿੱਚ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੋ ਔਰਤਾਂ ਨਾਲ ਸਬੰਧ ਬਣਾਉਣ ਲਈ ਸੌਦੇਬਾਜ਼ੀ ਕਰਦਾ ਹੋਇਆ ਸੁਣਾਈ ਦੇ ਰਿਹਾ ਹੈ। ਅਧਿਕਾਰੀ ਨੂੰ ਕਥਿਤ ਤੌਰ 'ਤੇ ਔਰਤ ਨੂੰ ₹20,000 ਤੇ ਉਸਦੇ ਸਾਥੀ ਮਹਿਲਾ ਲਈ ਇੰਨੀ ਹੀ ਰਕਮ ਦੀ ਪੇਸ਼ਕਸ਼ ਕਰਦਾ ਹੋਇਆ ਸੁਣਾਈ ਦਿੱਤਾ ਜਾ ਰਿਹਾ ਹੈ। ਇਹ ਆਡੀਓ ਨੌਕਰਸ਼ਾਹੀ ਤੇ ਸਿਆਸੀ ਹਲਕਿਆਂ ਵਿੱਚ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਇਸ ਕਲਿਪ ਵਿੱਚ ਅਧਿਕਾਰੀ ਜਦ ਰਾਸ਼ੀ ਘੱਟ ਕਰਦਾ ਹੈ ਤਾਂ ਔਰਤ ਉਸ ਦੇ ਸੌਦੇ ਨੂੰ ਨਾਮਨਜ਼ੂਰ ਕਰਦੇ ਹੋਏ ਉਸ ਨੂੰ ਚਿੰਦੀ ਚੋਰ (ਸਸਤਾ ਚੋਰ) ਕਹਿੰਦੀ ਹੈ।