ਰਵਨੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ 'ਚ ਜਨਤਾ ਦਰਬਾਰ ਲਾਉਣਗੇ। ਉਹ ਪੰਜਾਬ ਭਵਨ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਸੁਣਨਗੇ। ਇਸ ਮੌਕੇ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ। 'ਆਪ' ਸਰਕਾਰ ਇਸ ਜਨਤਾ ਦਰਬਾਰ ਰਾਹੀਂ ਮੌਕੇ 'ਤੇ ਹੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ। ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਦੇ ਮਕਸਦ ਨਾਲ ਇਹ ਪਹਿਲ ਕੀਤੀ ਜਾ ਰਹੀ ਹੈ।

ਮਾਨ ਸਰਕਾਰ ਬਣਨ ਤੋਂ ਦੋ ਮਹੀਨੇ ਬਾਅਦ ਇਹ ਸੂਬਾ ਪੱਧਰੀ ਲੋਕ ਦਰਬਾਰ ਲਗਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਹ ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋਇਆ। ਇਹ ਪਹਿਲ ਵਿਸ਼ੇਸ਼ ਤੌਰ 'ਤੇ ਦੋ ਮਹੀਨੇ ਪੂਰੇ ਹੋਣ ਦੇ ਮੌਕੇ 'ਤੇ ਕੀਤੀ ਗਈ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਵੀ ਅਜਿਹੀ ਪਹਿਲ ਕਰਦੇ ਰਹੇ ਹਨ। ਉਹ ਸੰਗਤ ਦਰਸ਼ਨ ਦੇ ਨਾਂ ’ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ। ਉਂਜ ਉਹ ਜ਼ਿਲ੍ਹੇ ਜਾਂ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਮਿਲਦੇ ਰਹਿੰਦੇ ਸਨ।

ਕਾਂਗਰਸ ਸਰਕਾਰ 'ਚ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ 'ਤੇ ਲੋਕਾਂ ਤੋਂ ਦੂਰੀ ਬਣਾਉਣ ਦੇ ਦੋਸ਼ ਲੱਗੇ ਸਨ। ਵਿਰੋਧੀਆਂ ਨੇ ਇਹ ਵੀ ਮੁੱਦਾ ਬਣਾਇਆ ਕਿ ਕੈਪਟਨ ਸਿਸਵਾਂ ਫਾਰਮ ਹਾਊਸ ਤੋਂ ਬਾਹਰ ਵੀ ਨਹੀਂ ਨਿਕਲਦੇ। ਉਹ ਵਿਧਾਇਕਾਂ ਨੂੰ ਵੀ ਕਦੇ ਨਹੀਂ ਮਿਲਦੇ, ਲੋਕਾਂ ਨੂੰ ਮਿਲਣਾ ਤਾਂ ਦੂਰ। ਹਾਲਾਂਕਿ ਕੈਪਟਨ ਦਲੀਲ ਦਿੰਦੇ ਰਹੇ ਕਿ ਉਨ੍ਹਾਂ ਨੇ ਮੰਤਰੀਆਂ ਨੂੰ ਅਧਿਕਾਰ ਦਿੱਤੇ ਸੀ। ਉਹ ਲੋਕਾਂ ਨੂੰ ਮਿਲਦੇ ਰਹੇ ਹਨ।