ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਬੀਤੇ ਕੱਲ ਪਾਰਟੀ ਛੱਡ ਦਿੱਤੀ ਹੈ। ਜਾਖੜ ਨੇ ਜਿਸ ਤਰ੍ਹਾਂ ਪਾਰਟੀ ਲੀਡਰਸ਼ਿਪ ਅਤੇ ਕਈ ਆਗੂਆਂ 'ਤੇ ਦੋਸ਼ ਲਾਉਂਦਿਆਂ ਪਾਰਟੀ ਨੂੰ 'ਗੁੱਡ ਬਾਏ' ਕਿਹਾ ਹੈ। ਉਸ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਜਾਖੜ 'ਤੇ ਹਮਲਾ ਬੋਲਿਆ ਹੈ।

 

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਖੜ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਜਾਖੜ ਨੂੰ ਪਾਰਟੀ ਦੀ ਸੰਪਤੀ ਅਤੇ ਖਰਾ ਸੋਨਾ ਦੱਸਦੇ ਹੋਏ ਕਿਹਾ ਕਿ ਕਾਂਗਰਸ ਨੂੰ ਉਨ੍ਹਾਂ ਨੂੰ ਨਹੀਂ ਗਵਾਉਣਾ ਚਾਹੀਦਾ। ਜਾਖੜ ਦੇ ਭਤੀਜੇ ਅਤੇ ਵਿਧਾਇਕ ਸੰਦੀਪ ਜਾਖੜ ਨੇ ਟਵੀਟ ਕਰਕੇ ਕਿਹਾ ਕਿ ਸੱਚ ਹਮੇਸ਼ਾ ਕੌੜਾ ਹੁੰਦਾ ਹੈ, ਕੀ ਲੀਡਰਸ਼ਿਪ 'ਚ ਸੱਚ ਸੁਣਨ ਦੀ ਹਿੰਮਤ ਹੈ।


ਫੇਸਬੁੱਕ 'ਤੇ ਲਾਈਵ ਹੋ ਕੇ ਜਾਖੜ ਨੇ ਨਾ ਸਿਰਫ ਪਾਰਟੀ ਪ੍ਰਧਾਨ ਸੋਨੀਆ ਗਾਂਧੀ 'ਤੇ ਸਵਾਲ ਚੁੱਕੇ, ਸਗੋਂ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੁਝ ਨੇਤਾਵਾਂ ਨੂੰ ਸ਼ਰਾਰਤੀ ਅਨਸਰ ਵੀ ਕਿਹਾ। ਜਾਖੜ ਨੇ ਪਾਰਟੀ ਛੱਡਣ ਦਾ ਐਲਾਨ ਅਜਿਹੇ ਸਮੇਂ ਕੀਤਾ, ਜਦੋਂ ਕਾਂਗਰਸ ਉਦੈਪੁਰ ਵਿੱਚ ਚਿੰਤਨ ਸ਼ਿਵਿਰ ਕਰ ਰਹੀ ਹੈ। ਅੰਬਿਕਾ ਸੋਨੀ, ਹਰੀਸ਼ ਰਾਵਤ ਅਤੇ ਹਰੀਸ਼ ਚੌਧਰੀ ਦੀ ਭੂਮਿਕਾ 'ਤੇ ਸਵਾਲ ਉਠਾਉਂਦੇ ਹੋਏ ਜਾਖੜ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਇਨ੍ਹਾਂ ਸ਼ਰਾਰਤੀ ਅਨਸਰਾਂ ਕਾਰਨ ਹੀ ਠੱਪ ਹੋ ਗਈ ਹੈ। ਅੰਬਿਕਾ ਸੋਨੀ ਨੇ ਇਹ ਕਹਿ ਕੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦਾ ਅਪਮਾਨ ਕੀਤਾ ਹੈ ਕਿ ਜੇਕਰ ਕਿਸੇ ਹਿੰਦੂ ਨੇਤਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਪੰਜਾਬ ਨੂੰ ਅੱਗ ਲੱਗ ਜਾਵੇਗੀ।



ਜਾਖੜ ਪਾਰਟੀ ਅੱਗੇ ਰੱਖਦੇ ਆਪਣੀ ਗੱਲ : ਰਾਵਤ

ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਜੇਕਰ ਸੁਨੀਲ ਜਾਖੜ ਦੀ ਮਰਜ਼ੀ ਦੇ ਖਿਲਾਫ ਕੁਝ ਹੋ ਰਿਹਾ ਸੀ ਤਾਂ ਉਨ੍ਹਾਂ ਨੂੰ ਆਪਣੀ ਗੱਲ ਪਾਰਟੀ ਲੀਡਰਸ਼ਿਪ ਅੱਗੇ ਰੱਖਣੀ ਚਾਹੀਦੀ ਸੀ। ਮੈਨੂੰ ਲੱਗਦਾ ਹੈ ਕਿ ਜਿਸ ਸਮੇਂ ਕਾਂਗਰਸ ਦੇ ਸਾਹਮਣੇ ਚੁਣੌਤੀਆਂ ਹਨ , ਉਸਦਾ ਦਾ ਸਾਹਮਣਾ ਕਰਨ ਲਈ ਜਾਖੜ ਅੱਗੇ ਵਧਣਗੇ। ਜਾਖੜ ਨੂੰ ਵੱਖਰਾ ਵਿਚਾਰ ਰੱਖਣ ਦਾ ਅਧਿਕਾਰ ਹੈ ਪਰ ਜੇਕਰ ਕਾਂਗਰਸ ਪ੍ਰਧਾਨ ਦੇ ਪੱਧਰ 'ਤੇ ਕੋਈ ਗੱਲ ਤੈਅ ਹੁੰਦੀ ਹੈ ਤਾਂ ਉਸ ਨੂੰ ਸਾਰਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।



 

ਪਾਰਟੀ ਨੂੰ ਬਦਨਾਮ ਨਾ ਕਰੋ, ਆਪਣੇ ਅੰਦਰ ਝਾਕੇ ਜਾਖੜ : ਵੜਿੰਗ


ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੁਨੀਲ ਜਾਖੜ ਨੇ ਕਾਂਗਰਸ ਅਤੇ ਪਾਰਟੀ ਲੀਡਰਸ਼ਿਪ 'ਤੇ ਬੇਬੁਨਿਆਦ ਦੋਸ਼ ਲਾਏ ਹਨ। ਜਾਖੜ ਨੂੰ ਪਾਰਟੀ ਨੂੰ ਬਦਨਾਮ ਕਰਨ ਦੀ ਬਜਾਏ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਹ ਇਸ ਅਹੁਦੇ ਤੱਕ ਕਿਉਂ ਪਹੁੰਚੇ ਹਨ। ਵਿਧਾਨ ਸਭਾ ਚੋਣਾਂ ਹਾਰਨ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਨੂੰ ਗੁਰਦਾਸਪੁਰ ਦੀ ਲੋਕ ਸਭਾ ਦੀ ਪਹਿਲੀ ਉਪ ਚੋਣ ਵਿੱਚ ਮੈਦਾਨ ਵਿੱਚ ਉਤਾਰਿਆ, ਜਿਸ ਨਾਲ ਉਨ੍ਹਾਂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ।

ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਨਾ ਬਣਨ 'ਤੇ ਹੀ ਜਾਖੜ ਨੇ ਉਸੇ ਪਾਰਟੀ ਖਿਲਾਫ ਆਤਮਘਾਤੀ ਹਮਲਾ ਕਰ ਦਿੱਤਾ ,ਜਿਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਖੜ ਦੇ ਬਿਆਨ ਨੇ ਪਾਰਟੀ ਨੂੰ ਨਾ ਸਿਰਫ ਪੰਜਾਬ ਸਗੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ।

ਜਾਖੜ ਜਾਤੀ-ਧਾਰਮਿਕ ਰਾਜਨੀਤੀ ਦਾ ਸ਼ਿਕਾਰ ਹੋਏ : AAP

ਆਮ ਆਦਮੀ ਪਾਰਟੀ (ਆਪ) ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਨੀਲ ਜਾਖੜ ਸਮਾਜ ਨੂੰ ਜਾਤ ਅਤੇ ਧਰਮ ਦੇ ਨਾਂ 'ਤੇ ਵੰਡਣ ਵਾਲੀ ਕਾਂਗਰਸ ਦੀ ਰਾਜਨੀਤੀ ਦਾ ਸ਼ਿਕਾਰ ਹੋ ਗਏ ਹਨ। ਕਾਂਗਰਸ ਨੇ ਹਮੇਸ਼ਾ ਜਾਤ ਅਤੇ ਧਰਮ ਦੀ ਰਾਜਨੀਤੀ ਕਰਕੇ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ।