ਸੌਖਾ ਨਹੀਂ ਆਮ ਆਦਮੀ ਪਾਰਟੀ ਦਾ ਏਕਾ, ਸੁਰ ਨਰਮ, ਲਕੀਰ ਕਾਇਮ
ਏਬੀਪੀ ਸਾਂਝਾ | 25 Oct 2018 02:21 PM (IST)
ਚੰਡੀਗੜ੍ਹ: ਪੰਜਾਬ ਦੇ ਬਦਲੇ ਸਿਆਸੀ ਹਾਲਾਤ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਨੇ ਅੰਦਰੂਨੀ ਕਲੇਸ਼ ਖ਼ਤਮ ਕਰਕੇ ਇੱਕਜੁਟਤਾ ਕਾਇਮ ਕਰਨ ਲਈ ਕਾਹਲੀ ਹੈ। ਇਸ ਲਈ ਭਗਵੰਤ ਮਾਨ ਧੜੇ ਨੇ ਪਹਿਲ ਕਰਦਿਆਂ ਬਾਕਾਇਦਾ ਸੁਖਪਾਲ ਖਹਿਰਾ ਧੜੇ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਮਗਰੋਂ ਚਾਹੇ ਦੋਵਾਂ ਧਿਰਾਂ ਨਰਮ ਨਜ਼ਰ ਆਈਆਂ ਪਰ ਲਕੀਰ ਅਜੇ ਵੀ ਸਪਸ਼ਟ ਨਜ਼ਰ ਆ ਰਹੀ ਹੈ। ਦੋਵੇਂ ਧਿਰਾਂ ਅਜੇ ਇੱਕ-ਦੂਜੇ 'ਤੇ ਯਕੀਨ ਵੀ ਨਹੀਂ ਕਰ ਰਹੀਆਂ। ਪਤਾ ਲੱਗਾ ਹੈ ਕਿ ਸੁਖਪਾਲ ਖਹਿਰਾ ਧੜਾ ਆਪਣੇ ਸਟੈਂਡ 'ਤੇ ਕਾਇਮ ਹੈ ਜਿਸ ਤੋਂ ਸਪਸ਼ਟ ਹੈ ਕਿ ਪਾਰਟੀ ਵਿੱਚ ਏਕਾ ਵੱਡੀਆਂ ਸ਼ਰਤਾਂ ਤਹਿਤ ਹੀ ਹੋਏਗਾ। ਖਹਿਰਾ ਧੜਾ ਦੀ ਸਭ ਤੋਂ ਵੱਡੀ ਮੰਗ ਖੁਦਮੁਖਤਿਆਰੀ ਦੀ ਹੈ। ਇਸ ਲਈ ਦਿੱਲੀ ਹਾਈਕਮਾਨ ਕੁਝ ਹੱਦ ਤੱਕ ਸਹਿਮਤ ਵੀ ਹੈ। ਪਿਛਲੇ ਸਮੇਂ ਵਿੱਚ ਪੰਜਾਬ ਇਕਾਈ ਨੂੰ ਵੱਧ ਅਧਿਕਾਰ ਮਿਲੇ ਹਨ। ਕੇਂਦਰੀ ਦਖਲ ਵੀ ਘਟਿਆ ਹੈ। ਹੁਣ ਅਗਲਾ ਮਸਲਾ ਇਹ ਹੈ ਕਿ ਖਹਿਰਾ ਧੜੇ ਦੇ ਲੀਡਰਾਂ ਨੂੰ ਪਾਰਟੀ ਢਾਂਚੇ ਵਿੱਚ ਕਿਵੇਂ ਫਿੱਟ ਕੀਤਾ ਜਾਵੇ। ਦਰਅਸਲ ਖਹਿਰਾ ਧੜੇ ਦੀ ਬਗਵਾਤ ਮਗਰੋਂ ਆਮ ਆਦਮੀ ਪਾਰਟੀ ਨੇ ਪੂਰਾ ਜਥੇਬੰਧਕ ਢਾਂਚਾ ਨਵੇਂ ਸਿਰੇ ਤੋਂ ਐਲਾਨ ਦਿੱਤਾ ਹੈ। ਇਸ ਵਿੱਚ ਖਹਿਰਾ ਧੜੇ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਗਈ। ਹੁਣ ਏਕੇ ਮਗਰੋਂ ਭਗਵੰਤ ਮਾਨ ਧੜੇ ਦੇ ਬਹੁਤ ਸਾਰੇ ਲੀਡਰਾਂ ਦੀ ਛੁੱਟੀ ਕਰਕੇ ਹੀ ਖਹਿਰਾ ਧੜੇ ਨੂੰ ਨੁਮਾਇੰਦਗੀ ਦਿੱਤੀ ਜਾ ਸਕਦੀ ਹੈ। ਉਂਝ ਖਹਿਰਾ ਧੜੇ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਮਝੌਤਾ ਹੋਣ 'ਤੇ ਮੌਜੂਦਾ ਢਾਂਚਾ ਭੰਗ ਕਰ ਦਿੱਤਾ ਜਾਵੇਗਾ। ਅਜਿਹੇ ਵਿੱਚ ਪਾਰਟੀ ਦਾ ਕਲੇਸ਼ ਹੋਰ ਵਧਣ ਦੇ ਆਸਾਰ ਹਨ। ਸਭ ਤੋਂ ਵੱਡਾ ਮਸਲਾ ਪਾਰਟੀ ਦੀ ਪ੍ਰਧਾਨਗੀ ਤੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦਾ ਹੈ। ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਅੱਗੇ ਲਿਆਂਦਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਪਿਛਲੇ ਸਮੇਂ ਅੰਦਰ ਸੁਖਪਾਲ ਖਹਿਰਾ ਦੀ ਮਕਬੂਲੀਅਤ ਵਧ ਹੈ। ਇਸ ਲਈ ਪ੍ਰਧਾਨਗੀ ਦੇ ਅਹੁਦੇ ਲਈ ਉਹ ਦਾਅਵੇਦਾਰ ਜ਼ਰੂਰ ਹੋਣਗੇ। ਇਸ ਤੋਂ ਇਲਾਵਾ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਖਹਿਰਾ ਦਾ ਡਟ ਕੇ ਸਾਥ ਦਿੱਤਾ। ਇਸ ਲਈ ਉਨ੍ਹਾਂ ਲਈ ਵੀ ਪਾਰਟੀ ਅੰਦਰ ਵੱਡੀ ਪੁਜ਼ੀਸ਼ਨ ਦੀ ਮੰਗ ਉੱਠੇਗੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਏਕੇ ਦਾ ਰਾਹ ਇੰਨਾ ਸੌਖਾ ਨਹੀਂ।