ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਮੰਤਰੀਆਂ ਦੇ ਵਿਰੋਧ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਟੈਕਸੇਸ਼ਨ ਵਿਭਾਗ ਤੋਂ ਲਾਂਭੇ ਕਰ ਦਿੱਤਾ ਹੈ। ਕੈਪਟਨ ਨੇ ਸੋਚਿਆ ਹੋਵੇਗਾ ਕਿ ਸ਼ਾਇਦ ਅਜਿਹਾ ਕਰਨ ਨਾਲ ਉਹ ਸੁਰਖਰੂ ਹੋ ਗਏ ਪਰ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਸਾਹਮਣੇ ਉਹ ਕਸੂਤੇ ਘਿਰ ਗਏ ਹਨ ਕਿਉਂਕਿ ਵਿਧਾਇਕਾਂ ਤੇ ਮੰਤਰੀਆਂ ਨੇ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਹੀ ਸ਼ਰਾਬ ਤੋਂ ਹੋ ਰਹੀ ਆਮਦਨੀ 'ਚ ਹਰ ਸਾਲ ਪੈ ਰਹੇ ਘਾਟੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਕਰਨ ਅਵਤਾਰ ਸਿੰਘ ਖ਼ਿਲਾਫ਼ ਕੈਪਟਨ ਦੇ ਵਿਧਾਇਕ ਰਾਜਾ ਵੜਿੰਗ ਨੇ ਇੱਕ ਤੋਂ ਬਾਅਦ ਇੱਕ ਨੌਂ ਟਵੀਟ ਕੀਤੇ। ਇਸ ਤੋਂ ਇਲਾਵਾ ਸੰਗਤ ਸਿੰਘ ਗਿਲਚੀਆਂ, ਸਮਾਣਾ ਤੋਂ ਵਿਧਾਇਕ ਰਾਜਿੰਦਰ, ਵਿਧਾਇਕ ਕੁਲਬੀਰ ਜ਼ੀਰਾ ਤੇ ਬਰਿੰਦਰ ਮੀਤ ਸਿੰਘ ਪਹਾੜਾ ਨੇ ਸੋਸ਼ਲ ਮੀਡੀਆ ਜ਼ਰੀਏ ਕੈਪਟਨ ਤਕ ਆਪਣੀ ਸ਼ਿਕਾਇਤ ਪਹੁੰਚਾਈ। ਇਹ ਵਿਧਾਨ ਪਹਿਲਾਂ ਵੀ ਝੰਡਾ ਉਠਾ ਚੁੱਕੇ ਹਨ ਪਰ ਨਵੇਂ ਮੁੱਦੇ 'ਤੇ ਇਨ੍ਹਾਂ ਨੂੰ ਮੰਤਰੀਆਂ ਦਾ ਵੀ ਸਾਥ ਮਿਲ ਰਿਹਾ ਹੈ।
ਉਨ੍ਹਾਂ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਤੇ ਕਿਹਾ ਸਾਡਾ ਵਿਰੋਧ ਜਾਰੀ ਰਹੇਗਾ। ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਨੀਤੀਆਂ ਬਣਾਉਣ 'ਚ ਅਫ਼ਸਰਾਂ ਦਾ ਅਹਿਮ ਰੋਲ ਰਹਿੰਦਾ ਹੈ। ਇਸ ਲਈ ਜੋ ਘਾਟੇ ਸਾਹਮਣੇ ਆ ਰਹੇ ਹਨ, ਉਨ੍ਹਾਂ ਦੀ ਤੁੰਰਤ ਜਾਂਚ ਹੋਣਈ ਚਾਹੀਦੀ ਹੈ। ਕੈਪਟਨ ਸਰਕਾਰ ਵਿੱਚ ਇਕ ਹੋਰ ਵਿਵਾਦ ਛਿੜ ਗਿਆ ਹੈ ਜੋ ਸ਼ਾਇਦ ਹੁਣ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਲਾਂਭੇ ਕਰਨ ਮਗਰੋਂ ਹੀ ਥੰਮੇਗਾ।
ਉਧਰ, ਆਪਣਿਆਂ ਦੇ ਵਿਰੋਧ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ ਵੀ ਮੈਦਾਨ ਵਿੱਚ ਆ ਗਈ ਹੈ। ਅਜਿਹੇ ਵਿੱਚ ਪਹਿਲਾਂ ਹੀ ਅਲੋਚਨਾ ਦਾ ਸ਼ਿਕਾਰ ਹੋ ਰਹੀ ਕੈਪਟਨ ਸਰਕਾਰ ਲਈ ਔਖੀ ਹਾਲਤ ਬਣਾ ਗਈ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਜੇਕਰ ਕੈਪਟਨ ਇਸ ਵਿਵਾਦ ਨੂੰ ਛੇਤੀ ਨਾ ਸੰਭਾਲ ਸਕੇ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਇਸ ਦਾ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ