ਹੁਣ ਸੋਨੀਆ ਗਾਂਧੀ ਨੇ ਕਾਂਗਰਸ ਦੀ ਕਮਾਨ ਸੰਭਾਲਦਿਆਂ ਜਾਖੜ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਜਾਖੜ ਨੂੰ ਪੰਜਾਬ ਪ੍ਰਧਾਨ ਬਣੇ ਰਹਿਣ ਲਈ ਕਿਹਾ ਹੈ। ਜਾਖੜ ਨੂੰ ਕੈਪਟਨ ਧੜੇ ਦਾ ਕਰੀਬੀ ਮੰਨਿਆ ਜਾਂਧਾ ਹੈ। ਇਸ ਲਈ ਕੈਪਟਨ ਵਿਰੋਧੀ ਧੜਿਆਂ ਵਿੱਚ ਨਰਾਜ਼ਗੀ ਹੈ। ਇਸ ਦਾ ਸੇਕ ਮੰਗਲਵਾਰ ਨੂੰ ਜਾਖੜ ਵੱਲੋਂ ਬੁਲਾਈ ਮੀਟਿੰਗ ਵਿੱਚ ਵੀ ਵੇਖਣ ਨੂੰ ਮਿਲਿਆ।
ਜਾਖੜ ਨੇ ਮੰਤਰੀਆਂ, ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਣੇ ਸੀਨੀਅਰ ਲੀਡਰਾਂ ਨਾਲ ਮੀਟਿੰਗ ਕੀਤੀ ਪਰ ਵਿਰੋਧੀ ਧੜੇ ਦੇ ਲੀਡਰਾਂ ਨੂੰ ਬੁਲਾਉਣਾ ਭੁੱਲ ਹੀ ਗਏ। ਇਸ ਤੋਂ ਕਈ ਸੀਨੀਅਰ ਲੀਡਰ ਕਾਫੀ ਔਖੇ ਹਨ। ਇਸ ਬਾਰੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਮੀਟਿੰਗ ਵਿੱਚ ਉਨ੍ਹਾਂ ਸਮੇਤ 3 ਰਾਜ ਸਭਾ ਮੈਂਬਰਾਂ ਨੂੰ ਨਾ ਬੁਲਾ ਕੇ ਗਲਤ ਰੀਤ ਪਾਈ ਜਾ ਰਹੀ ਹੈ।
ਬਾਜਵਾ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ ਉੱਥੇ ਪਾਰਟੀ ਦੇ ਦੋ ਹੋਰ ਰਾਜ ਸਭਾ ਮੈਂਬਰਾਂ ਅੰਬਿਕਾ ਸੋਨੀ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਵੀ ਨਹੀਂ ਸੱਦਿਆ ਗਿਆ। ਬਾਜਵਾ ਨੇ ਕਿਹਾ ਉਹ ਤਿੰਨੇ ਆਗੂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਹਨ ਪਰ ਸੀਨੀਅਰ ਆਗੂਆਂ ਨੂੰ ਅੱਖੋਂ-ਪਰੋਖ਼ੇ ਕੀਤਾ ਗਿਆ ਹੈ।