ਚੰਡੀਗੜ੍ਹ: ਕਾਂਗਰਸੀ ਵਿਧਾਇਕਾਂ ਨੂੰ ਹੀ ਪੁਲਿਸ ਟਿੱਚ ਜਾਣਦੀ ਹੈ। ਪੁਲਿਸ ਵਿਧਾਇਕਾਂ ਦੇ ਫੋਨ ਟੈਪ ਕਰ ਰਹੀ ਹੈ। ਇਹ ਰੋਣਾ ਖੁਦ ਕਾਂਗਰਸੀ ਵਿਧਾਇਕ ਰੋ ਰਹੇ ਹਨ। ਸੀਨੀਅਰ ਲੀਡਰਸ਼ਿਪ ਕੋਲ ਮਾਮਲਾ ਉੱਠਣ ਮਗਰੋਂ ਇੰਸਪੈਕਟਰ ਦਾ ਤਬਾਦਲਾ ਕਰ ਦਿੱਤਾ ਹੈ ਪਰ ਕਾਂਗਰਸੀ ਵਿਧਾਇਕ ਰਾਜਿੰਦਰ ਸਿੰਘ ਇਸ ਤੋਂ ਵੀ ਖੁਸ਼ ਨਹੀਂ। ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਹਾਲੇ ਵੀ ਭਾਰੂ ਹੈ।


ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਇੰਸਪੈਕਟਰ ਖੁਦ ਹੀ ਫੋਨ ਟੈਪਿੰਗ ਦੀ ਕਹਾਣੀ ਦੱਸ ਰਿਹਾ ਸੀ। ਇਸ ਮਗਰੋਂ ਹੀ ਮੁੱਦਾ ਪਾਰਟੀ ਵਿੱਚ ਤੇ ਸਰਕਾਰ ਦੇ ਲੈਵਲ ਤੱਕ ਚੁੱਕਿਆ ਗਿਆ ਹੈ। ਇਸ ਮਗਰੋਂ ਪੁਲਿਸ ਇੰਸਪੈਕਟਰ ਦਾ ਤਬਾਦਲਾ ਹੋ ਗਿਆ ਹੈ ਪਰ ਰਾਜਿੰਦਰ ਸਿੰਘ ਜਾਂਚ ਦੀ ਮੰਗ ਕਰ ਰਹੇ ਹਨ। ਰਾਜਿੰਦਰ ਸਿੰਘ ਨੇ ਕਿਹਾ ਕਿ ਅਫ਼ਸਰਸ਼ਾਹੀ ਵਿਧਾਇਕਾਂ 'ਤੇ ਹਾਲੇ ਵੀ ਭਾਰੂ ਹੈ। ਅਫ਼ਸਰਸ਼ਾਹੀ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਦੀ ਗੱਲ ਨਹੀਂ ਸੁਣਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਾਪਸ ਆਉਣ 'ਤੇ ਫਿਰ ਤੋਂ ਮੁੱਦਾ ਚੁੱਕਿਆ ਜਾਵੇਗਾ।

ਉਧਰ, ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਸੀਆਈਏ ਇੰਸਪੈਕਟਰ ਵਿਜੇ ਕੁਮਾਰ ਨੇ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ’ਤੇ ਲਾਏ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਉਹ ਆਪਣਾ ਅਹੁਦਾ ਛੱਡਣ ਸਣੇ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਨ। ਹਾਲਾਂਕਿ ਉਨ੍ਹਾਂ ਉਹ ਕਾਰਨ ਦੱਸਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਹਲਕਾ ਵਿਧਾਇਕ ਵੱਲੋਂ ਉਨ੍ਹਾਂ ’ਤੇ ਅਜਿਹੇ ਦੋਸ਼ ਲਾਏ ਗਏ ਹਨ।

ਇੰਸਪੈਕਟਰ ਨੇ ਕਿਹਾ ਕਿ ਉਹ ਕਿਸੇ ਵੀ ਦਬਾਅ ਤਹਿਤ ਕੋਈ ਗਲਤ ਕੰਮ ਕਰਨ ਨੂੰ ਤਿਆਰ ਨਹੀਂ ਤੇ ਉਨ੍ਹਾਂ ਉੱਪਰ ਲਾਏ ਗਏ ਦੋਸ਼ਾਂ ਦੇ ਕਾਰਨਾਂ ਸਮੇਤ ਪੂਰੀ ਰਿਪੋਰਟ ਉਨ੍ਹਾਂ ਤਿਆਰ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਤੇ ਉੱਚ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦੇ ਰਹੇ ਹਨ ਜੋ ਅੱਗੇ ਵੀ ਜਾਰੀ ਰਹੇਗੀ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਕਮੇਟੀ ਚੇਅਰਮੈਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਹੋਈ ਜ਼ਿਲ੍ਹਾ ਪਟਿਆਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਕਪਤਾਨ ਸਣੇ ਜ਼ਿਲ੍ਹੇ ਭਰ ਦੇ ਉੱਚ ਅਧਿਕਾਰੀਆਂ ਸਾਹਮਣੇ ਕੁਝ ਕਾਂਗਰਸੀ ਵਿਧਾਇਕਾਂ ਵੱਲੋਂ ਸੀਆਈਏ ਸਮਾਣਾ ਇੰਚਾਰਜ ਇੰਸਪੈਕਟਰ ’ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਗਏ ਸਨ।

ਇਸ ਤੋਂ ਬਾਅਦ ਇੰਸਪੈਕਟਰ ਵਿਜੇ ਕੁਮਾਰ ਦੀ ਬਦਲੀ ਸਮਾਣਾ ਤੋਂ ਨਾਭਾ ਵਿੱਚ ਸੀਆਈਏ ਮੁਖੀ ਵਜੋਂ ਕਰ ਦਿੱਤੀ ਗਈ ਹੈ। ਮੀਟਿੰਗ ਵਿੱਚ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਵੱਲੋਂ ਆਪਣੀ ਹੀ ਸਰਕਾਰ ਦੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਲਾਏ ਗੰਭੀਰ ਦੋਸ਼ਾਂ ਕਾਰਨ ਸੋਸਲ ਮੀਡੀਆ ’ਤੇ ਕਾਂਗਰਸ ਸਰਕਾਰ ਦੀ ਵੀ ਕਾਫ਼ੀ ਕਿਰਕਰੀ ਹੋਈ ਹੈ। ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਮਗਰੋਂ ਪਟਿਆਲਾ ’ਚ ਇੱਕ ਐਸਡੀਐਮ ਦਾ ਵੀ ਤਬਾਦਲਾ ਕੀਤਾ ਗਿਆ ਹੈ।