ਅੰਮ੍ਰਿਤਸਰ: ਕੋਲਕਾਤਾ 'ਚ ਅੱਜ ਪਿੰਕ ਬਾਲ ਨਾਲ ਭਾਰਤ ਬਨਾਮ ਬੰਗਲਾਦੇਸ਼ 'ਚ ਟੈਸਟ ਮੈਚ ਖੇਡ ਰਹੇ ਹਨ। ਇਸ ਟੈਸਟ ਮੈਚ ਨੂੰ ਲੈ ਕੇ ਵੱਖਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਡੇ-ਨਾਈਟ ਟੈਸਟ ਮੈਚ ਦੇ ਬਿਹਤਰ ਭਵਿੱਖ ਦੀ ਕਾਮਨਾ ਨੂੰ ਲੈ ਕੇ ਸਾਬਕਾ ਕ੍ਰਿਕਟਰਾਂ ਵੱਲੋਂ ਵੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਇਸ ਦਾ ਖਾਸਾ ਲਾਭ ਸ਼ੁਰੂਆਤੀ ਓਵਰਾਂ 'ਚ ਤੇਜ਼ ਗੇਂਦਬਾਜ਼ਾਂ ਨੂੰ ਮਿਲਣ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ।

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਅੰਮ੍ਰਿਤਸਰ ਦੇ ਵਸਨੀਕ ਹਰਵਿੰਦਰ ਸਿੰਘ ਨੇ ਪਿੰਕ ਬਾਲ ਨੂੰ ਭਾਰਤ ਦੇ ਚੰਗੇ ਟੈਸਟ ਕ੍ਰਿਕਟ ਭਵਿੱਖ ਵਜੋਂ ਦੇਖਦੇ ਹੋਏ ਕਿਹਾ ਕਿ ਇਸ ਨਾਲ ਲੋਕਾਂ 'ਚ ਕ੍ਰਿਕਟ ਪ੍ਰਤੀ ਤੇ ਖਾਸਕਰ ਟੈਸਟ ਕ੍ਰਿਕਟ ਪ੍ਰਤੀ ਖਾਸਾ ਉਤਸ਼ਾਹ ਵਧੇਗਾ। ਇਸ ਦੇ ਨਾਲ ਹੀ ਦਿਨ-ਰਾਤ ਖੇਡੇ ਜਾਣ ਵਾਲੇ ਟੈਸਟ ਮੈਚ 'ਚ ਲੋਕਾਂ ਕੋਲੋਂ ਇਸ ਮੈਚ ਨੂੰ ਦੇਖਣ ਦਾ ਮਜ਼ਾ ਵੀ ਕਾਇਮ ਰਹੇਗਾ।

ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਸ਼ੁਰੂਆਤੀ ਓਵਰਾਂ 'ਚ ਟੈਸਟ ਦੌਰਾਨ ਫਾਸਟ ਬਾਲਾਂ ਨੂੰ ਹਮੇਸ਼ਾਂ ਹੀ ਸ਼ੁਰੂ ਤੋਂ ਮਦਦ ਮਿਲਦੀ ਰਹੀ ਹੈ ਪਰ ਭਾਰਤ 'ਚ ਇਸ ਦੇ ਕੀ ਨਤੀਜੇ ਰਹਿਣਗੇ, ਇਹ ਟੈਸਟ ਮੈਚ ਦੇ ਦੌਰਾਨ ਕਲੀਅਰ ਹੋ ਜਾਵੇਗਾ। ਹਰਵਿੰਦਰ ਸਿੰਘ ਨੇ ਕਿਹਾ ਕਿ ਤੇਜ਼ ਗੇਂਦਬਾਜ਼ਾਂ ਨੂੰ ਤਾਂ ਇਸ ਦਾ ਫਾਇਦਾ ਮਿਲੇਗਾ ਹੀ ਨਾਲ ਹੀ ਗੇਂਦ ਜਿੰਨੀ ਪੁਰਾਣੀ ਹੋਵੇਗੀ ਇਹ ਸਪਿਨਰ ਗੇਂਦਬਾਜ਼ਾਂ ਲਈ ਵੀ ਫਾਇਦੇਮੰਦ ਰਹੇਗੀ।



ਹਰਵਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਵਿੱਚ ਬੱਲੇਬਾਜ਼ ਤਜ਼ਰਬੇਕਾਰ ਹਨ ਤੇ ਪ੍ਰੋਫੈਸ਼ਨਲ ਕ੍ਰਿਕਟ ਖੇਡਦੇ ਹਨ। ਉਨ੍ਹਾਂ ਨੂੰ ਪਿੰਕ ਬਾਲ ਦਾ ਸਾਹਮਣਾ ਕਰਨ ਦੇ 'ਚ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਪਿੰਕ ਬਾਲ ਨੂੰ ਲਗਾਤਾਰ ਭਾਰਤੀ ਬੱਲੇਬਾਜ਼ਾਂ ਵੱਲੋਂ ਖੇਡਣਾ ਹੈ ਤਾਂ ਇਸ ਦੀ ਬਕਾਇਦਾ ਤੌਰ 'ਤੇ ਟ੍ਰੇਨਿੰਗ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ ਤੇ ਬੀਸੀਸੀਆਈ ਨੂੰ ਇਸ ਨੂੰ ਘਰੇਲੂ ਕ੍ਰਿਕਟ ਦੇ ਵਿੱਚ ਵੀ ਇਸਤੇਮਾਲ ਕਰ ਦੇਣਾ ਚਾਹੀਦਾ ਹੈ ਤਾਂ ਕਿ ਬੱਲੇਬਾਜ਼ਾਂ ਨੂੰ ਇਨ੍ਹਾਂ ਨਾਲ ਖੇਡਣ ਦਾ ਤਜਰਬਾ ਹੋ ਸਕੇ।