ਬੰਗਾ: ਬੰਗਾ ਤੋਂ ਇੱਕ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ।ਜਿੱਥੇ ਦਲਿਤ ਸਮਾਜ ਵੱਲੋਂ ਲਾਏ ਗਏ ਹਾਥਰਸ ਕਾਂਡ ਦੇ ਵਿਰੋਧ ਦੇ ਧਰਨ ਦੌਰਾਨ ਅਕਾਲੀ ਅਤੇ ਕਾਂਗਰਸੀ ਆਗੂਆਂ ਵਿਚਾਲੇ ਝੜਪ ਹੋ ਗਈ।ਦਰਅਸਲ, ਦਲਿਤ ਸਮਾਜ ਵੱਲੋਂ ਯੂਪੀ ਦੇ ਹਾਥਰਸ 'ਚ 14 ਸਤੰਬਰ ਨੂੰ ਚਾਰ ਨੌਜਵਾਨਾਂ ਵਲੋਂ 19 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਦੇ ਵਿਰੋਧ 'ਚ ਧਰਨ ਪ੍ਰਦਰਸ਼ਨ ਅਯੋਜਿਤ ਕੀਤਾ ਸੀ।ਜਿਸ 'ਚ ਅਕਾਲੀ ਅਤੇ ਕਾਂਗਰਸੀ ਆਗੂ ਵੀ ਸ਼ਾਮਲ ਹੋਣ ਲਈ ਪਹੁੰਚੇ ਸੀ।

ਇਸ ਦੌਰਾਨ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਵੀ ਮਜੂਦ ਸੀ। ਇਹ ਸਾਰਾ ਮਾਮਲੇ ਉਦੋਂ ਵਿਗੜ ਗਿਆ ਜਦੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ ਨੇ ਧਰਨੇ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ।ਉਹਨਾਂ ਨੇ ਧਰਨੇ 'ਚ ਕਾਂਗਰਸ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਸਕਾਲਰਸ਼ਿਪ ਘੁਟਾਲੇ ਦੀ ਗੱਲ ਵੀ ਛੇੜ ਲਈ ਜਿਸ ਤੇ ਉੱਥੇ ਮੌਜੂਦ ਕਾਂਗਰਸੀ ਤਲਖੀ 'ਚ ਆ ਗਏ ਅਤੇ ਹੱਥੋਪਾਈ ਸ਼ੁਰੂ ਹੋ ਗਈ।

ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦੀ ਦਖਲ ਅੰਦਾਜ਼ੀ ਤੋਂ ਬਾਅਦ ਸਾਰਾ ਮਾਹੌਲ ਸ਼ਾਂਤ ਹੋਇਆ।ਜਿਸ ਤੋਂ ਬਾਅਦ ਧਰਨਾ ਫੇਰ ਤੋਂ ਸ਼ੁਰੂ ਹੋਇਆ। ਦੱਸਣਯੋਗ ਹੈ ਕਿ 29 ਸਤੰਬਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਇਲਾਜ ਦੌਰਾਨ ਰੇਪ ਪੀੜਤ ਦੀ ਮੌਤ ਹੋ ਗਈ ਸੀ।ਪੀੜਤ ਦੀ ਮ੍ਰਿਤਕ ਦੇਹ ਦਾ ਪੁਲਿਸ ਨੇ ਜਬਰੀ ਉਸ ਦੇ ਘਰ ਨੇੜੇ 30 ਸਤੰਬਰ ਨੂੰ ਸਾੜ ਦਿੱਤੀ ਸੀ। ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਸਥਾਨਕ ਪੁਲਿਸ ਨੇ ਜਲਦਬਾਜ਼ੀ ਵਿਚ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ।ਹਾਲਾਂਕਿ, ਸਥਾਨਕ ਪੁਲਿਸ ਦਾ ਦਾਅਵਾ ਹੈ ਕਿ ਅੰਤਿਮ ਸੰਸਕਾਰ ਪਰਿਵਾਰ ਦੀ ਇੱਛਾ ਦੇ ਅਨੁਸਾਰ ਕੀਤਾ ਗਿਆ ਸੀ।