ਫ਼ਾਜ਼ਿਲਕਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਤੁਰੰਤ ਦਖ਼ਲ ਦੇ ਕੇ ਪੰਜਾਬ 'ਚ ਕਪਾਹ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਕੀਤੇ ਜਾਣਾ ਯਕੀਨੀ ਬਣਾਉਣ।

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਕਿਉਂਕਿ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (CCI) ਸੂਬੇ ਵਿੱਚ ਕਪਾਹ ਦੀ ਖ਼ਰੀਦ ਨਹੀਂ ਕਰ ਰਹੀ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਪਾਹ ਉਤਪਾਦਕ ਕਿਸਾਨ ਇਸ ਕਰ ਕੇ ਮੁਸ਼ਕਲਾਂ ਝੱਲ ਰਹੇ ਹਨ ਕਿਉਂਕਿ CCI ਜਾਣ ਬੁੱਝ ਕੇ ਮੰਡੀ 'ਚ ਦੇਰੀ ਨਾਲ ਦਾਖਲ ਹੋਈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਕਪਾਹ ਦੀ ਫ਼ਸਲ 5275 ਰੁਪਏ ਪ੍ਰਤੀ ਕੁਇੰਟਲ ਦੀ MSP ਦੇ ਮੁਕਾਬਲੇ 4800 ਰੁਪਏ ਪ੍ਰਤੀ ਕੁਇੰਟਲ ਦੀ ਦਰ ਤੇ ਵੇਚਣੀ ਪੈ ਰਹੀ ਹੈ।



ਮੰਡੀ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਸੰਘਰਸ਼ ਕਰੇਗਾ ਤਾਂ ਜੋ CCI ਨੂੰ ਐਮ ਐਸ ਪੀ ਅਨੁਸਾਰ ਕਪਾਹ ਦੀ ਖ਼ਰੀਦ ਕਰਨ ਲਈ ਮਜਬੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਵਰਕਰ CCI ਦੇ ਦਫ਼ਤਰਾਂ ਅਤੇ ਮੰਡੀਆਂ ਵਿੱਚ ਆ ਕੇ ਰੋਸ ਮੁਜ਼ਾਹਰੇ ਕਰਨਗੇ ਤਾਂ ਜੋ ਸਰਕਾਰੀ ਏਜੰਸੀਆਂ 12 ਅਕਤੂਬਰ ਤੋਂ MSP ਤੇ ਕਪਾਹ ਦੀ ਖ਼ਰੀਦ ਕਰਨ ਲਈ ਮਜਬੂਰ ਹੋਣ।


ਉਨ੍ਹਾਂ ਕਿਹਾ ਕਿ ਇਸ ਵੇਲੇ ਕਿਸਾਨਾਂ ਨੂੰ ਦੋ ਤੋਂ ਤਿੰਨ ਦਿਨ ਤੱਕ ਮੰਡੀਆਂ ਵਿਚ ਬੈਠੇ ਰਹਿਣ ਦੇ ਬਾਵਜੂਦ ਆਪਣੀ ਕਪਾਹ ਦੀ ਖ਼ਰੀਦ ਕਰਵਾਉਣ ਲਈ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਉਹ ਅਫ਼ਸਰ ਨਹੀਂ ਲਵਾਂਗੇ ਜੋ ਕਿਸਾਨਾਂ ਨਾਲ ਵਿਤਕਰਾ ਕਰ ਰਹੇ ਹਨ ਤੇ ਉਨ੍ਹਾਂ ਦੇ ਹੱਥਾਂ ਵਿਚ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿਆਂਗੇ।ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ CCI ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਰਹੀ ਤੇ ਇਸ ਲਈ ਉਨ੍ਹਾਂ ਨੇ ਮਾਮਲੇ ਵਿਚ ਪ੍ਰਧਾਨ ਮੰਤਰੀ ਤੋਂ ਦਖ਼ਲ ਮੰਗਿਆ ਹੈ।