ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਉਮੀਦਵਾਰਾਂ ਦੀ ਤਸਵੀਰ ਸਾਫ ਹੁੰਦੀ ਜਾ ਰਹੀ ਹੈ। ਪੰਜਾਬ ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਨੇ ਤਕਰੀਬਨ ਚਾਰ ਉਮੀਦਵਾਰ ਤਾਂ ਤੈਅ ਕਰ ਲਏ ਹਨ। ਬਾਕੀਆਂ ਬਾਰੇ ਵੀ ਰਾਏ ਬਣਾ ਲਈ ਹੈ ਪਰ ਕੁਝ ਗਿਣਤੀਆਂ-ਮਿਣਤੀਆਂ ਕਰਕੇ ਇਸ ਨੂੰ ਟਾਲਿਆ ਜਾ ਰਿਹਾ ਹੈ।

ਤਾਜ਼ਾ ਜਾਣਕਾਰੀ ਮੁਤਾਬਕ ਗੁਰਦਾਸਪੁਰ ਤੋਂ ਸੁਨੀਲ ਜਾਖੜ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਤੇ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਨਾਂ ਫਾਈਨਲ ਹੋ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਡਾ. ਅਮਰ ਸਿੰਘ ਤੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵਿੱਚੋਂ ਕਿਸੇ ਦਾ ਦਾਅ ਲੱਗ ਸਕਦਾ ਹੈ।

ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋਈ ਯਾਮਿਨੀ ਗੋਮਰ ਤੇ ਕਾਂਗਰਸ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵਿਚਾਲੇ ਮੁਕਾਬਲਾ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੀ ਦਾਅਵੇਦਾਰ ਹਨ ਪਰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਤੇ ਸੀਨੀਅਰ ਕਾਂਗਰਸ ਆਗੂ ਕੇਵਲ ਢਿੱਲੋਂ ਵਿੱਚੋਂ ਕੋਈ ਬਾਜ਼ੀ ਮਾਰ ਸਕਦਾ ਹੈ।

ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਤੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਲਾਲੀ ਦਾ ਨਾਂ ਵਿਚਾਰਿਆ ਜਾ ਰਿਹਾ ਹੈ। ਸ੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਬਾਜ਼ੀ ਮਾਰ ਸਕਦੇ ਹਨ। ਇਸ ਤੋਂ ਇਲਾਵਾ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਤੇ ਅੰਮ੍ਰਿਤਸਰ ਬਾਰੇ ਹਾਈਕਮਾਨ ਹੀ ਫੈਸਲਾ ਲਏਗੀ।

ਚਰਚਾ ਹੈ ਕਿ ਬਠਿੰਡਾ ਤੇ ਫਿਰੋਜ਼ਪੁਰ ਸੀਟ ਤੋਂ ਬਾਦਲ ਪਰਿਵਾਰ ਮੈਦਾਨ ਵਿੱਚ ਉੱਤਰ ਰਿਹਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਮੁਤਾਬਕ ਹੀ ਕਾਂਗਰਸ ਪੱਤੇ ਖੋਲ੍ਹੇਗੀ। ਇਸ ਤੋਂ ਇਲਾਵਾ ਅੰਮ੍ਰਿਤਸਰ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਮੁਤਾਬਕ ਹੀ ਕਾਂਗਰਸ ਫੈਸਲਾ ਲਏਗੀ। ਕਾਂਗਰਸ ਫਰੀਦਕੋਟ ਹਲਕੇ ਬਾਰੇ ਵੀ ਅਜੇ ਕੁਝ ਫਾਈਨਲ ਨਹੀਂ ਕਰ ਸਕੀ।

ਕਾਂਗਰਸ ਦੇ ਸੂਤਰਾਂ ਮੁਤਾਬਕ 10 ਲੋਕ ਸਭਾ ਹਲਕਿਆਂ ਦਾ ਮਾਮਲਾ ਦੋ ਅਪਰੈਲ ਨੂੰ ਦਿੱਲੀ ’ਚ ਹੋ ਰਹੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਇਸ ਮੀਟਿੰਗ ਵਿੱਚ ਛੇ ਜਾਂ ਸੱਤ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।