ਜਲਾਲਾਬਾਦ: ਪੰਜਾਬ ‘ਚ ਇਸੇ ਮਹੀਨੇ ਚਾਰ ਹਲਕਿਆਂ ‘ਚ ਜ਼ਿਮਨੀ ਚੋਣਾਂ ਹੋਣੀਆਂ ਹਨ। ਇਨ੍ਹਾਂ ਦੇ ਮੱਦੇਨਜ਼ਰ ਹਰ ਪਾਰਟੀ ਆਪਣੇ ਉਮੀਦਵਾਰ ਦਾ ਪ੍ਰਚਾਰ ਕਰਨ ‘ਚ ਪੂਰਾ ਜ਼ੋਰ ਲਾ ਰਹੀ ਹੈ। ਇਸੇ ਦੌਰਾਨ ਜਲਾਲਾਬਾਦ ਦੇ ਮੰਡੀ ਅਰਨੀਵਾਲਾ ‘ਚ ਚੋਣ ਪ੍ਰਚਾਰ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ‘ਤੇ ਸ਼ਬਦੀ ਹਮਲੇ ਕੀਤੇ।


ਉਨ੍ਹਾਂ ਨੇ ਆਪਣੀ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ‘ਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਤੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਦੇਸ਼ ‘ਚ ਲੋਕਤੰਤਰ ਹੈ ਤੇ ਲੋਕ ਵੋਟਾਂ ਨਾਲ ਆਪਣਾ ਨੁਮਾਇੰਦਾ ਚੁਣ ਸਕਦੇ ਹਨ।

ਸੁਖਬੀਰ ਦੇ ਜਲਾਲਾਬਾਦ ਦੀ ਰਜਿਸਟ੍ਰੀ ਤੇ ਗਿਰਦਾਵਰੀ ਉਨ੍ਹਾਂ ਦੇ ਨਾਂ ਹੋਣ ਦੀ ਗੱਲ ਦਾ ਜਵਾਬ ਦਿੰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਇਹ ਸੀਟ ਕੋਈ ਐਸਜੀਪੀਸੀ ਦੀ ਪ੍ਰਧਾਨਗੀ ਨਹੀਂ ਹੈ ਜੋ ਜੇਤੂ ਦਾ ਨਾਂ ਸੁਖਬੀਰ ਬਾਦਲ ਜੇਬ ਵਿੱਚੋਂ ਨਿਕਲੇਗਾ। ਇੱਥੇ ਕੌਣ ਵਿਧਾਇਕ ਬਣਦਾ ਹੈ, ਇਹ ਫੈਸਲਾ ਸੂਝਵਾਨ ਵੋਟਰ ਆਪਣਾ ਵੋਟ ਦੇ ਕੇ ਕਰਨਗੇ।

ਜਾਖੜ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਲੋਕਾਂ ਨੇ ਸੁਖਬੀਰ ਬਾਦਲ ਨੂੰ ਨਹੀਂ ਬਲਕਿ ਉਪ ਮੁੱਖ ਮੰਤਰੀ ਨੂੰ ਇਹ ਸੋਚ ਕੇ ਵੋਟ ਪਾਈ ਸੀ ਕਿ ਹਲਕੇ ਦਾ ਵਿਕਾਸ ਹੋਵੇਗਾ ਪਰ 10 ਸਾਲਾਂ 'ਚ ਹਲਕਾ ਜਲਾਲਾਬਾਦ ਨਾਲ ਅਕਾਲੀ ਸਰਕਾਰ ਨੇ ਵੱਡਾ ਧੋਖਾ ਕੀਤਾ ਤੇ ਵਿਕਾਸ ਦੇ ਨਾਂ 'ਤੇ ਸਿਰਫ ਹਵਾਈ ਗੱਲਾਂ ਕੀਤੀਆਂ ਗਈਆਂ।