Manish Tiwari On Indian Currency : ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਭਾਰਤੀ ਕਰੰਸੀ 'ਤੇ ਲਕਸ਼ਮੀ-ਗਣੇਸ਼ ਦੀ ਤਸਵੀਰ ਲਗਾਉਣ ਦੀ ਮੰਗ ਤੋਂ ਬਾਅਦ ਹੁਣ ਹਰ ਕੋਈ ਆਪਣੀਆਂ ਵੱਖ-ਵੱਖ ਮੰਗਾਂ ਸਾਹਮਣੇ ਰੱਖ ਰਹੇ ਹਨ। ਇਸ ਕੜੀ 'ਚ ਕਾਂਗਰਸ ਨੇਤਾ ਮਨੀਸ਼ ਤਿਵਾੜੀ (Manish Tewari) ਨੇ ਵੀ ਇਸ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਨੋਟਾਂ ਦੀ ਨਵੀਂ ਲੜੀ 'ਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ ਹੈ? ਇੱਕ ਪਾਸੇ ਮਹਾਤਮਾ ਗਾਂਧੀ , ਦੂਜੇ ਪਾਸੇ ਡਾ.ਅੰਬੇਦਕਰ ।
ਮਨੀਸ਼ ਤਿਵਾੜੀ ਨੇ ਕਿਹਾ ਕਿ ਅਹਿੰਸਾ, ਸੰਵਿਧਾਨਵਾਦ ਅਤੇ ਸਮਾਨਤਾਵਾਦ ਇੱਕ ਵਿਲੱਖਣ ਸੰਘ ਵਿੱਚ ਵਿਲੀਨ ਹੋ ਰਹੇ ਹਨ , ਜੋ ਆਧੁਨਿਕ ਭਾਰਤੀ ਪ੍ਰਤਿਭਾ ਨੂੰ ਪੂਰੀ ਤਰ੍ਹਾਂ ਨਾਲ ਜੋੜ ਦੇਵੇਗਾ। ਅਰਵਿੰਦ ਕੇਜਰੀਵਾਲ ਨੇ ਇਸ ਤੋਂ ਪਹਿਲਾਂ ਨੋਟ 'ਤੇ ਮਹਾਤਮਾ ਗਾਂਧੀ ਦੇ ਨਾਲ ਲਕਸ਼ਮੀ ਅਤੇ ਗਣੇਸ਼ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਭਾਜਪਾ ਨੇ ਕੇਜਰੀਵਾਲ 'ਤੇ ਤਿੱਖਾ ਨਿਸ਼ਾਨਾ ਸਾਧਿਆ ਸੀ ਅਤੇ ਚੋਣਾਂ ਤੋਂ ਠੀਕ ਪਹਿਲਾਂ 'ਹਿੰਦੂ ਕਾਰਡ' ਖੇਡਣ ਦਾ ਦੋਸ਼ ਵੀ ਲਗਾਇਆ ਸੀ। ਵਿਵਾਦ ਰੁਕਿਆ ਨਹੀਂ ਸੀ ਕਿ ਹੁਣ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਨਵੀਂ ਮੰਗ ਰੱਖ ਦਿੱਤੀ ਹੈ।
ਕਾਂਗਰਸ ਕਰ ਰਹੀ ਹੈ ਨੋਟ 'ਤੇ ਅੰਬੇਡਕਰ ਦੀ ਤਸਵੀਰ ਲਗਾਉਣ ਦੀ ਮੰਗ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਨਿਤਿਨ ਰਾਉਤ ਨੇ ਵੀ ਇਸ ਬਾਰੇ ਟਵੀਟ ਕਰਕੇ ਮੰਗ ਕੀਤੀ ਸੀ ਕਿ ਨੋਟ 'ਤੇ ਮਹਾਤਮਾ ਗਾਂਧੀ ਦੇ ਨਾਲ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਲਗਾਉਣ ਦੀ ਮੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਭਾਜਪਾ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਮੋਦੀ ਵਿੱਚ ਕੋਈ ਖਾਸ ਫਰਕ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੋਟ 'ਤੇ ਤਸਵੀਰ ਬਦਲਣ ਦੀ ਮੰਗ ਕੀਤੀ ਗਈ ਹੈ। ਇਹ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ।
ਪਹਿਲਾਂ ਵੀ ਕਈ ਵਾਰ ਹੋ ਚੁੱਕੀ ਤਸਵੀਰ ਬਦਲਣ ਦੀ ਮੰਗ
ਇਸ ਤੋਂ ਪਹਿਲਾਂ ਪਿਛਲੇ ਹਫਤੇ ਅਖਿਲ ਭਾਰਤ ਹਿੰਦੂ ਮਹਾਸਭਾ (ABHM) ਨੇ ਨੋਟਾਂ 'ਤੇ ਮਹਾਤਮਾ ਗਾਂਧੀ ਦੀ ਬਜਾਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਤਸਵੀਰ ਛਾਪਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਲੋਕ ਹੁਣ ਤੱਕ ਰਾਬਿੰਦਰਨਾਥ ਟੈਗੋਰ, ਸੁਭਾਸ਼ ਚੰਦਰ ਬੋਸ ਅਤੇ ਏਪੀਜੇ ਅਬਦੁਲ ਕਲਾਮ ਸਮੇਤ ਕਈ ਭਾਰਤੀ ਹਸਤੀਆਂ ਦੀਆਂ ਤਸਵੀਰਾਂ ਲਗਾਉਣ ਦੀ ਮੰਗ ਕਰ ਚੁੱਕੇ ਹਨ। ਹਾਲਾਂਕਿ ਇਸ ਸਾਲ ਜੂਨ 'ਚ ਆਰਬੀਆਈ ਨੇ ਸਪੱਸ਼ਟ ਕੀਤਾ ਸੀ ਕਿ ਨੋਟ ਬਦਲਣ ਦੀ ਕੋਈ ਯੋਜਨਾ ਨਹੀਂ ਬਣਾਈ ਜਾ ਰਹੀ ਹੈ।