Sidhu Moose Wala Murder Case : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ NIA ਨੇ ਮੰਗਲਵਾਰ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਅਫਸਾਨਾ ਖਾਨ ਤੋਂ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਅਫਸਾਨਾ ਖਾਨ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ NIA ਦੀ ਪੁੱਛਗਿੱਛ ਬਾਰੇ ਅਤੇ ਆਪਣੀ ਗੱਲ ਕਹੀ ਹੈ।

  


ਐਨਆਈਏ ਨੇ ਮੇਰੇ ਤੋਂ 5-6 ਘੰਟੇ ਪੁੱਛ-ਗਿੱਛ ਕੀਤੀ ਹੈ। ਹੁਣ ਮੈਨੂੰ ਜੋ ਪੁੱਛਿਆ ਗਿਆ, ਉਹ ਐਨਆਈਏ , ਮੈਨੂੰ ਹੀ ਪਤਾ ਹੈ ਜਾਂ ਮੇਰੇ ਫ਼ਿਰ ਮੇਰੇ ਰੱਬ ਨੂੰ। ਅਫਸਾਨਾ ਖਾਨ ਨੇ ਕਿਸੇ ਗੈਂਗ/ਗੈਂਗਸਟਰ ਨਾਲ ਉਸਦੇ ਸਬੰਧਾਂ ਦੀਆਂ ਮੀਡੀਆ ਰਿਪੋਰਟਾਂ ਤੋਂ ਵੀ ਇਨਕਾਰ ਕੀਤਾ ਹੈ। ਗਾਇਕ ਨੇ ਏਜੰਸੀ ਨਾਲ ਉਨ੍ਹਾਂ ਲੋਕਾਂ ਦੇ ਨਾਂ ਸਾਂਝੇ ਕਰਨ ਦਾ ਦਾਅਵਾ ਵੀ ਕੀਤਾ ਹੈ ,ਜੋ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਹੋ ਸਕਦੇ ਹਨ।


 



ਅਫਸਾਨਾ ਖਾਨ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ NIA ਨੇ ਜਾਂਚ ਕੀਤੀ ਹੈ। ਮੈਨੂੰ ਧਮਕੀ ਨਹੀਂ ਦਿੱਤੀ ਗਈ, ਸਿਰਫ ਇਹ ਪੁੱਛਿਆ ਗਿਆ ਕਿ ਅਸਲੀਅਤ ਕੀ ਹੈ। ਜਿਵੇਂ ਕਿ ਤੁਸੀਂ ਕਿੱਥੇ ਸ਼ੋਅ ਕਰਦੇ ਸੀ, ਤੁਸੀਂ ਕਿੰਨੇ ਗੀਤ ਕੀਤੇ ਹਨ, ਤੁਸੀਂ ਸਿੱਧੂ ਨੂੰ ਕਿਵੇਂ ਜਾਣਦੇ ਹੋ, ਇੰਡਸਟਰੀ ਦਾ ਸਫਰ ਕਿਵੇਂ ਸ਼ੁਰੂ ਹੋਇਆ ਸੀ। ਮੇਰੇ ਖਿਲਾਫ ਕੋਈ ਕੇਸ ਨਹੀਂ ਸੀ। ਉਸ ਨੇ ਦੱਸਿਆ ਕਿ ਐਨਆਈਏ ਨੇ ਉਸ ਤੋਂ ਕਿਸੇ ਗੈਂਗਸਟਰ ਬਾਰੇ ਨਹੀਂ ਪੁੱਛਿਆ। 
 

ਅਫਸਾਨਾ ਨੇ ਲੋਕਾਂ ਨੂੰ ਕਿਹਾ ਕਿ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਇੱਕ ਵਾਰ ਸੋਚ ਲਓ, ਝੂਠੀਆਂ ਅਫਵਾਹਾਂ ਫੈਲਾਉਣਾ ਬੰਦ ਕਰ ਦਿਓ। ਮੈਂ 4 ਮਹੀਨਿਆਂ ਬਾਅਦ ਲਾਈਵ ਆਈ ਹਾਂ, ਬਹੁਤ ਸਾਰੀਆਂ ਗੱਲਾਂ ਮੇਰੇ ਦਿਲ ਅਤੇ ਦਿਮਾਗ ਵਿੱਚ ਹਨ। ਜੈਨੀ ਜੌਹਲ 'ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਗੀਤ ਗਾ ਕੇ ਇਨਸਾਫ਼ ਮੰਗਣ ਵਾਲਿਆਂ 'ਚੋਂ ਨਹੀਂ ਹਾਂ। 4 ਮਹੀਨਿਆਂ ਬਾਅਦ ਤੁਸੀਂ ਗੀਤ ਗਾ ਕੇ ਸ਼ਰਧਾਂਜਲੀ ਦੇ ਰਹੇ ਹੋ, ਮੈਨੂੰ ਦੱਸੋ ਕਿ ਕੀ ਮੈਂ ਅਜਿਹਾ ਕੀਤਾ ਹੈ?,

 

ਗਾਇਕਾ ਨੇ ਅੱਗੇ ਕਿਹਾ, ਮੈਂ ਇੱਕ ਸਧਾਰਨ ਪਰਿਵਾਰ ਦੀ ਲੜਕੀ ਹਾਂ, ਮੈਂ ਸਖ਼ਤ ਮਿਹਨਤ ਕੀਤੀ ਹੈ ਅਤੇ ਮੈਂ ਆਪਣੀ ਮਿਹਨਤ ਨਾਲ ਅੱਗੇ ਆਈ ਹਾਂ। ਸਿੱਧੂ ਮੂਸੇਵਾਲਾ ਮੇਰਾ ਭਰਾ ਸੀ ਅਤੇ ਹਮੇਸ਼ਾ ਰਹੇਗਾ, ਸਾਡਾ ਕੰਮ ਇੱਕ ਸੀ ਤਾਂ ਸਾਡਾ ਪਿਆਰ ਹੋਰ ਸੀ। ਮੇਰੇ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਹਨ ਪਰ ਮੈਨੂੰ ਖੁਸ਼ੀ ਹੈ ਕਿ ਮਾਮਲਾ NIA ਤੱਕ ਪਹੁੰਚ ਗਿਆ ਹੈ ਅਤੇ ਸਿੱਧੂ ਮੂਸੇਵਾਲਾ ਨੂੰ ਨਿਆਂ ਜ਼ਰੂਰ ਮਿਲੇਗਾ।


 

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਮਰਹੂਮ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਫਸਾਨਾ ਸਿੱਧੂ ਮੂਸੇਵਾਲਾ ਦੀ ਕਰੀਬੀ ਭੈਣ ਹੈ ਅਤੇ ਉਸ ਨੂੰ ਆਪਣਾ ਭਰਾ ਮੰਨਦੀ ਸੀ।