ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਤਰਫ਼ੋਂ ਵਿਸ਼ੇਸ਼ ਰਣਨੀਤੀ ਬਣਾ ਕੇ ਮੁੱਖ ਮੰਤਰੀ ਸਮੇਤ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਉਨ੍ਹਾਂ ਦੇ ਘਰ ਵਿੱਚ ਹੀ ਘਿਰਾਓ ਕਰਨ ਦੀ ਤਿਆਰੀ ਕਰ ਲਈ ਗਈ ਹੈ। ਪਾਰਟੀ ਵੱਲੋਂ ਜਿੱਤ ਦਾ ਰਾਹ ਬਣਾਉਣ ਲਈ 50 ਵੱਡੇ ਚਿਹਰਿਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਨਾਂ ਸ਼ਾਮਲ ਹਨ। ਇਸ ਉਪ ਚੋਣ ਵਿੱਚ ਕਾਂਗਰਸ ਨੇ ਦਲਵੀਰ ਗੋਲਡੀ ਨੂੰ ਟਿਕਟ ਦਿੱਤੀ ਹੈ। ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਾਰ ਗਏ ਸਨ।

ਪੰਜਾਬ ਕਾਂਗਰਸ ਵੱਲੋਂ ਜ਼ਿਮਨੀ ਚੋਣ ਲਈ ਬਣਾਈ ਗਈ ਰਣਨੀਤੀ ਅਨੁਸਾਰ ਆਗੂਆਂ ਨੂੰ ਵਿਧਾਨ ਸਭਾ ਅਨੁਸਾਰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਧਾਨ ਸਭਾ ਸੀਟ ਧੂਰੀ ਦੀ ਜ਼ਿੰਮੇਵਾਰੀ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਦਿੱਤੀ ਗਈ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸਿੱਖਿਆ ਮੰਤਰੀ ਮੀਤ ਹੇਅਰ ਦੀ ਸੀਟ 'ਤੇ ਤਾਇਨਾਤ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੇ ਪ੍ਰਗਟ ਸਿੰਘ ਲਹਿਰਾ ਵਿੱਚ ‘ਆਪ’ ਆਗੂਆਂ ਖ਼ਿਲਾਫ਼ ਮੋਰਚਾ ਸੰਭਾਲਣਗੇ।

ਸਰਕਾਰ ਵਿੱਚ ਦੂਜੇ ਨੰਬਰ ’ਤੇ ਰਹੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਦਿੜ੍ਹਬਾ ਸੀਟ 'ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਵਿਧਾਇਕ ਰਾਜ ਕੁਮਾਰ ਚੱਬੇਵਾਲ ਤੇ ਸੁਖਪਾਲ ਖਹਿਰਾ ਘੇਰਨ ਦਾ ਕੰਮ ਕਰਨਗੇ। ਸੁਨਾਮ ਵਿਧਾਨ ਸਭਾ ਸੀਟ 'ਤੇ ਮਦਨ ਲਾਲ ਜਲਾਲਪੁਰ ਤੇ ਹੈਰੀ ਮਾਨ, ਮਲੇਰਕੋਟਲਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਗਰੂਰ 'ਚ ਤ੍ਰਿਪਤ ਰਜਿੰਦਰ ਬਾਜਵਾ ਤੇ ਵਿਜੇ ਇੰਦਰ ਸਿੰਗਲਾ ਅਤੇ ਮਹਿਲ ਕਲਾਂ 'ਚ ਕੁਸ਼ਲਦੀਪ ਢਿੱਲੋਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ।

ਉਧਰ, ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਜਿੱਤਣ ਲਈ ਕਾਂਗਰਸ ਪ੍ਰਧਾਨ ਸਖ਼ਤ ਫੈਸਲੇ ਲੈ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ 'ਚੋਂ ਕੱਢ ਦਿੱਤਾ ਹੈ। ਹਰਚੰਦ ਕੌਰ ਕਾਂਗਰਸ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੀ ਹੈ। ਇਸੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਮਹਿਲ ਕਲਾਂ ਰਾਖਵੀਂ ਸੀਟ ਤੋਂ ਟਿਕਟ ਦਿੱਤੀ ਸੀ। ਹਾਲਾਂਕਿ ਉਹ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ ਤੋਂ ਹਾਰ ਗਏ ਸਨ। ਮਹਿਲ ਕਲਾਂ ਵੀ ਸੰਗਰੂਰ ਲੋਕ ਸਭਾ ਸੀਟ ਅਧੀਨ ਆਉਂਦਾ ਹੈ।