ਅਕਾਲੀ ਦਲ 14 ਸੀਟਾਂ 'ਤੇ ਸਮਟਿਆ, ਕਾਂਗਰਸ ਕੋਲ ਦੋ-ਤਹਾਈ ਬਹੁਮਤ
ਏਬੀਪੀ ਸਾਂਝਾ | 31 May 2018 02:41 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਸ਼ਾਹਕੋਟ ਵਿਧਾਨ ਸਭਾ ਸੀਟ ਜਿੱਤਣ ਦੇ ਨਾਲ ਹੀ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 78 ਹੋ ਗਈ ਹੈ। ਕਾਂਗਰਸ ਕੋਲ ਸਦਨ ਵਿੱਚ ਦੋ-ਤਿਹਾਈ ਬਹੁਮਤ ਹੋ ਗਿਆ ਹੈ। ਉਧਰ ਇਸ ਸੀਟ ਹਾਰਨ ਨਾਲ ਅਕਾਲੀ ਦਲ 14 ਸੀਟਾਂ 'ਤੇ ਸਿਮਟ ਗਿਆ ਹੈ। ਅਕਾਲੀ ਦਲ ਲਈ ਇਹ ਸਭ ਤੋਂ ਵੱਡ ਝਟਕਾ ਹੈ। ਇਸ ਵੇਲੇ ਵਿਧਾਨ ਸਭਾ ਵਿੱਚ ਕਾਂਗਰਸ ਕੋਲ 78, ਆਮ ਆਦਮੀ ਪਾਰਟੀ ਕੋਲ 20, ਅਕਾਲੀ ਦਲ ਕੋਲ 14, ਬੀਜੇਪੀ ਕੋਲ ਤਿੰਨ ਤੇ ਲੋਕ ਇਨਸਾਫ ਪਾਰਟੀ ਕੋਲ ਦੋ ਸੀਟਾਂ ਹਨ। ਕਾਂਗਰਸ ਨੇ ਸ਼ਾਹਕੋਟ ਸੀਟ ਅਕਾਲੀ ਦਲ ਤੋਂ ਖੁੱਥੀ ਹੈ। ਇਸ ਸੀਟ 'ਤੇ ਪਿਛਲੇ 22 ਸਾਲਾਂ ਤੋਂ ਅਕਾਲੀ ਦਲ ਦਾ ਕਬਜ਼ਾ ਸੀ। ਕਾਂਗਰਸ ਨੇ 22 ਸਾਲ ਬਾਅਦ ਢਾਹਿਆ ਅਕਾਲੀ ਦਲ ਦਾ ਗੜ੍ਹ ਸ਼ਾਹਕੋਟ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੀ ਹਾਰ ਦੇ ਵੱਡੇ ਅਰਥ ਹਨ। ਕਾਂਗਰਸ ਨੇ 22 ਸਾਲ ਬਾਅਦ ਅਕਾਲੀ ਦਾ ਗੜ੍ਹ ਤੋੜਿਆ ਹੈ। ਇਹ ਵੀ ਉਸ ਵੇਲੇ ਜਦੋਂ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੀ ਜਨਤਾ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਨਹੀਂ। ਯਾਦ ਰਹੇ 2017 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਲਹਿਰ ਚੱਲ ਰਹੀ ਸੀ ਤਾਂ ਅਜੀਤ ਸਿੰਘ ਕੋਹਾੜ ਨੇ ਇਹ ਸੀਟ ‘ਤੇ ਜਿੱਤ ਬਰਕਰਾਰ ਰੱਖੀ ਸੀ। ਉਹ ਲਗਾਤਾਰ ਪੰਜ ਵਾਰ ਇਸ ਸੀਟ ਤੋਂ ਜਿੱਤੇ ਸੀ। ਇਸ ਲਈ ਹੀ ਅਕਾਲੀ ਦਲ ਨੇ ਉਨ੍ਹਾਂ ਦੇ ਬੇਟੇ ਨਾਇਬ ਸਿੰਘ ਕੋਹਾੜ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ 38,802 ਵੋਟਾਂ ਦੇ ਫਰਕ ਨਾਲ ਹਾਰ ਗਏ। ਨਾਇਬ ਸਿੰਘ ਕੋਹਾੜ ਨੂੰ 43,944 ਵੋਟ ਮਿਲੇ ਜਦੋਂਕਿ ਕਾਂਗਰਸੀ ਉਮੀਦਵਾਰ ਨੇ 82,745 ਹਾਸਲ ਕਰਕੇ ਜਿੱਤ ਦਾ ਝੰਡਾ ਲਹਿਰਾਇਆ। 1977 ਤੋਂ ਲੈ ਕੇ 1992 ਤੱਕ ਅਕਾਲੀ ਉਮੀਦਵਾਰ ਬਲਵੰਤ ਸਿੰਘ ਇਸ ਸੀਟ ‘ਤੇ ਕਾਬਜ਼ ਰਹੇ। 1992 ਵਿੱਚ ਸਿਰਫ ਇੱਕ ਵਾਰ ਕਾਂਗਰਸੀ ਉਮੀਦਵਾਰ ਬ੍ਰਿਜ ਭੁਪਿੰਦਰ ਸਿੰਘ ਜੇਤੂ ਹੋਏ ਜੋ ਇਸ ਵੇਲੇ ਅਕਾਲੀ ਦਲ ਵਿੱਚ ਚਲੇ ਗਏ ਹਨ। ਇਸ ਮਗਰੋਂ 1997 ਤੋਂ ਲੈ ਕੇ 2017 ਤੱਕ ਇਸ ਸੀਟ ‘ਤੇ ਅਕਾਲੀ ਉਮੀਦਵਾਰ ਅਜੀਤ ਸਿੰਘ ਕੋਹਾੜ ਦਾ ਹੀ ਕਬਜ਼ਾ ਰਿਹਾ। ਜਨਵਰੀ 2018 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।