ਟਰੈਵਲ ਏਜੰਟਾਂ ਦੀ ਆਈ ਸ਼ਾਮਤ, ਇੱਕੋ ਵੇਲੇ 20 ਦਬੋਚੇ
ਏਬੀਪੀ ਸਾਂਝਾ | 31 May 2018 12:17 PM (IST)
ਜਲੰਧਰ: ਧੋਖਾਧੜੀ ਦੀਆਂ ਵਧਦੀਆਂ ਸ਼ਿਕਾਇਤਾਂ ਮਗਰੋਂ ਟਰੈਵਲ ਏਜੰਟਾਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਬੁੱਧਵਾਰ ਨੂੰ ਜਲੰਧਰ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਪੰਜ ਟੀਮਾਂ ਬਣਾ ਕੇ ਕੀਤੀ ਕਾਰਵਾਈ ਦੌਰਾਨ 20 ਟਰੈਵਲ ਏਜੰਟਾਂ ਵਿਰੁੱਧ ਧਾਰਾ 406, 420, 120 ਬੀ ਤੇ ਪੀ.ਟੀ.ਪੀ.ਆਰ. ਐਕਟ 2014/12 ਤੇ ਪਾਸਪੋਰਟ ਐਕਟ ਤਹਿਤ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ 40 ਤੋਂ ਵੱਧ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੀ ਬਰੀਕੀ ਨਾਲ ਪੁਣਛਾਣ ਕੀਤੀ ਗਈ। ਪੁਲਿਸ ਕੋਲ 100 ਤੋਂ ਵੱਧ ਟਰੈਵਲ ਏਜੰਟਾਂ ਦੀ ਸੂਚੀ ਦੱਸੀ ਜਾ ਰਹੀ ਹੈ, ਜਿਨ੍ਹਾਂ ਬਾਰੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਹੋਈਆਂ ਸਨ। ਪੁਲਿਸ ਨੇ ਬੱਸ ਅੱਡੇ ਦੇ ਆਲੇ-ਦੁਆਲੇ ਵਾਲੇ ਟਰੈਵਲ ਏਜੰਟਾਂ ਵਿਰੁੱਧ ਜਦੋਂ ਕਾਰਵਾਈ ਕੀਤੀ ਤਾਂ ਉਥੇ ਭਾਜੜਾਂ ਪੈ ਗਈਆਂ। ਕਈ ਟਰੈਵਲ ਏਜੰਟਾਂ ਨੂੰ ਛਾਪਾ ਪੈਣ ਦੀ ਸੂਹ ਮਿਲਣ ਕਾਰਨ ਉਹ ਆਪਣੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਫ਼ਰਾਰ ਹੋ ਗਏ। ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਜਿਹੜੇ ਟਰੈਵਲ ਏਜੰਟਾਂ ਵਿਰੁੱਧ ਸ਼ਿਕੰਜਾ ਕੱਸਿਆ ਹੈ, ਉਨ੍ਹਾਂ ਵਿੱਚ ਜ਼ਿਆਦਾ ਸਟੱਡੀ ਵੀਜ਼ਾ, ਆਈਲਸ, ਇਮੀਗ੍ਰੇਸ਼ਨ ਦੀਆਂ ਸਲਾਹਾਂ ਦੇਣ ਵਾਲੇ ਸ਼ਾਮਲ ਸਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦਫ਼ਤਰਾਂ ਦੇ ਮਾਲਕ ਦੂਜੇ ਸੂਬਿਆਂ ਦੇ ਸਨ ਤੇ ਉਨ੍ਹਾਂ ਨੇ ਕੰਮ ਕਰਨ ਲਈ ਇੱਥੋਂ ਦੇ ਬੰਦਿਆਂ ਨੂੰ ਭਰਤੀ ਕੀਤਾ ਸੀ ਤੇ ਆਪ ਕਦੇ ਕਦਾਈਂ ਹੀ ਆਉਂਦੇ ਸਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ਵਿੱਚ ਸੁਰਜੀਤ ਸਿੰਘ, ਬਲਰਾਜ ਸਿੰਘ, ਬਲਵਿੰਦਰ ਸਿੰਘ, ਮੀਨੂੰ, ਜਤਿੰਦਰ ਕੁਮਾਰ, ਰਾਜਾ ਠਾਕੁਰ, ਵਿਜੇ ਕੁਮਾਰ, ਸੰਦੀਪ ਸਿੰਘ, ਸੋਮ ਨਾਥ, ਮਨੀਸ਼ ਕੁਮਾਰ, ਪਰਮਜੀਤ ਲਾਲ, ਤਰੁਣ, ਰਵੀ ਪਾਲ, ਨਰੇਸ਼ ਕੁਮਾਰ ਸ਼ਰਮਾ, ਪ੍ਰਦੀਪ ਪੁਰੀ, ਸੰਜੇ ਸ਼ਰਮਾ, ਲਵਜੀਤ ਸਿੰਘ, ਰਮਨਦੀਪ ਸਿੰਘ, ਵਰਿੰਦਰ ਕੁਮਾਰ ਤੇ ਗੁਰਲੀਨ ਬਹਿਲ ਸ਼ਾਮਲ ਹਨ।