ਚੰਡੀਗੜ੍ਹ: ਨਵਜੋਤ ਸਿੱਧੂ ਅਚਾਨਕ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਪਾਰਟੀ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਨਵਜੋਤ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ, ਉੱਥੇ ਹੀ ਹਾਈਕਮਾਨ ਵੀ ਬੇਹੱਦ ਨਿਮੋਸ਼ੀ ਮਹਿਸੂਸ ਕਰ ਰਹੀ ਹੈ। ਸੂਤਰਾਂ ਮੁਤਾਬਕ ਹਾਈਕਮਾਨ ਇਸ ਕਲੇਸ਼ ਤੋਂ ਇੰਨਾ ਅੱਕ ਚੁੱਕੀ ਹੈ ਕਿ ਹੁਣ ਪੰਜਾਬ ਦੀ ਲੀਡਰਸ਼ਿਪ ਨੂੰ ਆਪੇ ਹੀ ਮਸਲਾ ਹੱਲ ਕਰਨ ਲਈ ਕਹਿ ਦਿੱਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਵੱਲੋਂ ਚਾਣਚੱਕ ਦਿੱਤੇ ਅਸਤੀਫ਼ੇ ਤੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਕਾਫ਼ੀ ਨਮੋਸ਼ੀ ਵਿੱਚ ਹਨ, ਕਿਉਂਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਡਟਵਾਂ ਸਟੈਂਡ ਲੈ ਕੇ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਸੌਂਪੀ ਸੀ। ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਕਹਿਣਾ ਕਿ ਨਵਜੋਤ ਸਿੱਧੂ ਨੇ ਸਿੱਧੇ ਤੌਰ ’ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਵਿਸ਼ਵਾਸਘਾਤ ਕੀਤਾ ਹੈ ਜਦੋਂਕਿ ਪੰਜਾਬੀਆਂ ਦੀ ਪਛਾਣ ਹੀ ਭਰੋਸਾ ਹੈ।
ਉਧਰ, ਨਵਜੋਤ ਸਿੱਧੂ ਵੱਲੋਂ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਦੋ-ਤਿੰਨ ਮਹੀਨੇ ਪਹਿਲਾਂ ਉਨ੍ਹਾਂ ਬਿਆਨ ਦਿੱਤਾ ਸੀ ਕਿ ਨਵਜੋਤ ਸਿੱਧੂ ਮਿਸਗਾਈਡਡ ਮਿਜ਼ਾਈਲ ਹੈ, ਇਸ ਦਾ ਪਤਾ ਨਹੀਂ ਕਿ ਇਹ ਕਿਸ ਉੱਤੇ ਡਿੱਗ ਪਏ। ਉਨ੍ਹਾਂ ਕਿਹਾ ਕਿ ਇਹ ਗੱਲ ਸੱਚ ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਇਹ ਮਿਜ਼ਾਈਲ ਕੈਪਟਨ ਅਮਰਿੰਦਰ ਸਿੰਘ ’ਤੇ ਡਿੱਗੀ ਤੇ ਉਸ ਨੂੰ ਤਬਾਹ ਕੀਤਾ ਤੇ ਹੁਣ ਇਹ ਉਸੇ ਕਾਂਗਰਸ ਪਾਰਟੀ ’ਤੇ ਡਿੱਗ ਪਈ ਹੈ, ਜਿਸ ਨੇ ਇਸ ਨੂੰ ਪ੍ਰਧਾਨ ਬਣਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਕਾਂਗਰਸ ਦਾ ਸਫਾਇਆ ਕਰੇਗੀ।
ਸਿੱਧੂ ਦੇ ਅਸਤੀਫੇ ਮਗਰੋਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਹਮਲਾਵਰ ਹੋ ਗਏ ਹਨ। ਉਨ੍ਹਾਂ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਨਵਜੋਤ ਸਿੱਧੂ ਦਾ ਅਸਤੀਫ਼ਾ ਤੁਰੰਤ ਪ੍ਰਵਾਨ ਕੀਤਾ ਜਾਵੇ ਤੇ ਕਿਸੇ ਸਮਰੱਥ ਵਿਅਕਤੀ ਨੂੰ ਪ੍ਰਧਾਨ ਲਾਇਆ ਜਾਵੇ। ਅਮਰਿੰਦਰ ਨੇ ਜਾਖੜ ਨੂੰ ਇਸ ਅਹੁਦੇ ਲਈ ਯੋਗ ਦੱਸਿਆ ਹੈ।
ਕੈਪਟਨ ਨੇ ਕਿਹਾ ਕਿ ਸਿੱਧੂ ਦੇ ਕੋਈ ਸਿਧਾਂਤ ਨਹੀਂ ਹਨ ਤੇ ਉਹ ਆਉਂਦੇ ਦਿਨਾਂ ਵਿਚ ਕਿਸੇ ਹੋਰ ਪਾਰਟੀ ਨਾਲ ਹੱਥ ਮਿਲਾ ਲਵੇਗਾ। ਕੈਪਟਨ ਨੇ ਕਿਹਾ ਕਿ ਸਿੱਧੂ ਕੁਝ ਵਜ਼ੀਰਾਂ ਨੂੰ ਕੁਰਸੀ ਮਿਲਣ ਤੋਂ ਔਖਾ ਹੈ ਤੇ ਸਰਕਾਰ ਨੂੰ ਰਿਮੋਟ ਕੰਟਰੋਲ ਨਾਲ ਚਲਾਉਣਾ ਚਾਹੁੰਦਾ ਹੈ ਜਦੋਂਕਿ ਵਜ਼ੀਰ ਬਣਾਉਣਾ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੈ।
ਉਧਰ, ਆਮ ਆਦਮੀ ਪਾਰਟੀ ਨੇ ਅੱਜ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਕਿਉਂਕਿ ਉਹ ਇੱਕ ਦਲਿਤ ਨੂੰ ਮੁੱਖ ਮੰਤਰੀ ਵਜੋਂ ਜਰ ਨਹੀਂ ਸਕੇ। ‘ਆਪ’ ਦੇ ਤਰਜਮਾਨ ਸੌਰਭ ਭਾਰਦਵਾਜ ਨੇ ਕਿਹਾ, ‘‘ਇਸ ਤੋਂ ਸਾਬਤ ਹੁੰਦਾ ਹੈ ਕਿ ਨਵਜੋਤ ਸਿੱਧੂ ਦਲਿਤਾਂ ਦੇ ਖ਼ਿਲਾਫ਼ ਹਨ। ਇਕ ਗ਼ਰੀਬ ਪੁੱਤ ਨੂੰ ਮੁੱਖ ਮੰਤਰੀ ਬਣਾਇਆ ਗਿਆ...ਪਰ ਸਿੱਧੂ ਕੋਲੋਂ ਇਹ ਜਰ ਨਹੀਂ ਹੋਇਆ। ਇਹ ਬਹੁਤ ਦੁਖਦਾਈ ਹੈ।’’