ਚੰਡੀਗੜ੍ਹ: ਕਾਂਗਰਸ ਹਾਈਕਮਾਨ ਨੇ ਦਲਿਤ ਲੀਡਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇੱਕੋ ਤੀਰ ਨਾਲ ਕਈ ਨਿਸ਼ਾਨੇ ਫੁੰਡੇ ਹਨ। ਸਭ ਤੋਂ ਅਹਿਮ ਗੱਲ ਹੈ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਵੀ ਰਾਹਤ ਮਹਿਸੂਸ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਹਾਲਤ ਵਿੱਚ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਾ ਚਾਹੁੰਦੇ ਸੀ।
ਸਿਆਸੀ ਮਾਹਿਰਾਂ ਮੁਤਾਬਕ ਕੈਪਟਨ ਅਸਤੀਫਾ ਦੇਣ ਮਗਰੋਂ ਲਏ ਨਵੇਂ ਸਿਆਸੀ ਪੈਂਤੜੇ ਕਰਕੇ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਰਾਹ ਰੋਕਣ ਵਿਚ ਸਫ਼ਲ ਰਹੇ ਹਨ। ਉਹ ਆਪਣੇ ਕਿਸੇ ਵੀ ਕੱਟੜ ਵਿਰੋਧੀ ਨੂੰ ਮੁੱਖ ਮੰਤਰੀ ਵਜੋਂ ਨਹੀਂ ਦੇਖਣਾ ਚਾਹੁੰਦੇ ਸਨ। ਮੁੱਖ ਮੰਤਰੀ ਦਾ ਅਹੁਦਾ ਕਿਸੇ ਮਝੈਲ ਨੂੰ ਨਾ ਮਿਲਣ ਕਰਕੇ ਅਮਰਿੰਦਰ ਨੇੜਲੇ ਮਝੈਲ ਭਰਾਵਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ।
ਇਸ ਦੇ ਨਾਲ ਹੀ ਹਾਈਕਮਾਨ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਦੇਸ਼ ਭਰ ਵਿੱਚ ਦਲਿਤ ਵੋਟਰਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਨੂੰ ਉਪ ਮੰਤਰੀ ਨਿਯੁਕਤ ਕਰਕੇ ਜੱਟ ਸਿੱਖ ਤੇ ਹਿੰਦੂ ਵੋਟ ਨੂੰ ਵੀ ਖੁਸ਼ ਕੀਤਾ ਹੈ। ਇਸ ਤੋਂ ਇਲਾਵਾ ਬ੍ਰਹਮ ਮਹਿੰਦਰਾ ਨੂੰ ਉੱਪ ਮੁੱਖ ਮੰਤਰੀ ਬਣਾ ਕੇ ਕੈਪਟਨ ਤੇ ਸਿੱਧੂ ਧੜੇ ਵਿੱਚ ਤਵਾਜਨ ਬਿਠਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਬ੍ਰਹਮ ਮਹਿੰਦਰਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨੇੜਲਿਆਂ ’ਚੋਂ ਇੱਕ ਹਨ।
ਉਧਰ ਸੁਖਜਿੰਦਰ ਰੰਧਾਵਾ, ਜਿਨ੍ਹਾਂ ਨੂੰ ਕੈਪਟਨ ਦੇ ਕਾਫੀ ਕਰੀਬ ਮੰਨਿਆ ਜਾਂਦਾ ਸੀ, ਚੋਣ ਵਾਅਦਿਆਂ ਦੀ ਪੂਰਤੀ ਦੇ ਮੁੱਦੇ ਨੂੰ ਲੈ ਕੇ ਵਧੇ ਵੱਖਰੇਵਿਆਂ ਮਗਰੋਂ ਕੈਪਟਨ ਧੜੇ ਨਾਲੋਂ ਵੱਖ ਹੋ ਗਏ ਸਨ। ਦੋ ਉਪ ਮੁੱਖ ਮੰਤਰੀਆਂ ਦੀ ਚੋਣ ਤੋਂ ਸਾਫ਼ ਹੈ ਕਿ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਨੇੜਲੇ ਆਗੂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਸਾਰੇ ਘਟਨਾਕ੍ਰਮ ਮਗਰੋਂ ਮਾਝੇ ਦੇ ਲੀਡਰ ਵੀ ਖੁਸ਼ ਹਨ। ਮਾਝੇ ਦੇ ਜਰਨੈਲ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਹਾਈ ਕਮਾਨ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਝਾ ਬ੍ਰਿਗੇਡ ਵੱਲੋਂ ਜੋ ਲੜਾਈ ਸ਼ੁਰੂ ਕੀਤੀ ਗਈ ਸੀ, ਉਸ ’ਚ ਅੱਜ ਫਤਹਿ ਹੋਈ ਹੈ।
ਇਹ ਵੀ ਪੜ੍ਹੋ: ਮੁਲਾਜ਼ਮਾਂ ਨੂੰ ਵੱਡੀ ਰਾਹਤ! ਚੋਣਾਂ ਕਰਕੇ ਅਜੇ ਨਹੀਂ ਲੱਗੇਗਾ ਲੇਬਰ ਕੋਡ ਦਾ ਝਟਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin