ਚੰਡੀਗੜ੍ਹ: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਹੁਣ ਤਕ ਦੇ ਰੁਝਾਨਾਂ ਮੁਤਾਬਕ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਕਈ ਥਾਵਾਂ ’ਤੇ ਕਾਂਗਰਸ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਖਾਤੇ ਤੋਂ ਟਵੀਟ ਕਰ ਕੇ ਜਿੱਤ ਜੀ ਖ਼ੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਇਹ ਪੰਜਾਬੀਆਂ ਦੀ ਜਿੱਤ ਹੈ ਤੇ ਉਹ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੁਗਾਉਣ ਲਈ ਦੁਗਣੇ ਯਤਨ ਕਰਨਗੇ। ਗੁਰਦਾਸਪੁਰ ਜਿਲ੍ਹੇ ਵਿੱਚ ਕੁੱਲ 11 ਬਲਾਕ ਸੰਮਤੀ ਜ਼ੋਨ ਲਈ 213 ਮੈਬਰਾਂ ਦੀ ਚੋਣ ਹੋਈ ਹੈ ਜਿਸ ਵਿੱਚੋਂ 143 ਮੈਬਰ ਬਿਨਾਂ ਮੁਕਾਬਲੇ ਚੁਣੇ ਗਏ ਤੇ 70 ਮੈਬਰਾਂ ਦੀ ਚੋਣ ਲਈ ਸਾਰੀਆਂ ਪਾਰਟੀਆ ਦੇ 155 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਵਿੱਚੋ ਹੁਣ ਤਕ ਲਗਪਗ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ਗਈ ਅਤੇ ਬਾਕੀ ਸਾਰੀਆਂ ਸੀਟਾਂ ’ਤੇ ਕਾਂਗਰਸੀ ਉਮੀਦਵਾਰ ਜੇਤੂ ਰਹੇ। ਪੂਰੇ ਜ਼ਿਲ੍ਹੇ ਵਿੱਚ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਪਣਾ ਖਾਤਾ ਖੋਲ੍ਹਣ ਵਿੱਚ ਵੀ ਕਾਮਯਾਬ ਨਹੀਂ ਹੋਈਆ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਕੁੱਲ 212 ਸੰਮਤੀ ਜੋਨਾਂ ਵਿੱਚ ਵੀ ਕਾਂਗਰਸ ਜੇਤੂ ਰਹੀ। ਸਾਰੇ ਬਲਾਕ ਸੰਮਤੀ ਜ਼ੋਨਾਂ ’ਤੇ ਕਾਂਗਰਸ ਕਾਬਜ਼ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ 25 ਜ਼ੋਨਾਂ ਵਿੱਚੋਂ 13 ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ। ਹੁਣ ਤੱਕ ਦੇ ਮਿਲੇ ਰੁਝਾਨਾਂ ਮੁਤਾਬਕ ਬਾਕੀ ਰਹਿੰਦੇ 12 ਜ਼ੋਨਾਂ ਵਿੱਚ ਵੀ ਕਾਂਗਰਸ ਪਾਰਟੀ ਵੱਡੇ ਅੰਤਰ ਨਾਲ ਅੱਗੇ ਚੱਲ ਰਹੀ ਹੈ। ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਹਲਕਾ ਮਜੀਠਾ ਵਿੱਚ ਅਕਾਲੀ ਦਲ ਨੇ ਵੱਡੀ ਜਿੱਤ ਪ੍ਰਾਪਤ ਕੀਤੀ। ਇਸ ’ਤੇ ਬਿਕਰਮ ਮਜੀਠੀਆ ਨੇ ਵੋਟਰਾਂ ਦਾ ਧੰਨਵਾਦ ਕੀਤਾ। ਬਿਕਰਮ ਮਜੀਠੀਆ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ’ਤੇ ਵੀ ਵੱਡਾ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਚਾਹੇ ਚੋਣ ਕਮਿਸ਼ਨ ਦਫਤਰ ਚੰਡੀਗੜ੍ਹ ਹਨ ਪਰ ਫੈਸਲੇ ਕੈਪਟਨ ਦੀ ਕੋਠੀ ’ਤੇ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨਹੀਂ ਹੋਈ ਹੈ, ਇਹ ਧੱਕੇਸ਼ਾਹੀ ਤੇ ਪੰਜਾਬ ਪੁਲਿਸ ਦੀ ਜਿੱਤ ਹੋਈ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਲੋਕਤੰਤਰ ਦਾ ਘਾਣ ਕਰਨ ਦੀਆਂ ਪੂਰੇ ਪੰਜਾਬ ਵਿੱਚੋਂ ਹੀ ਖਬਰਾਂ ਆ ਰਹੀਆਂ ਹਨ। ਕੁਝ ਥਾਈਂ ਤਾਂ ਅਕਾਲੀ ਦਲ ਦੇ ਪੋਲਿੰਗ ਏਜੰਟਾਂ ਨੂੰ ਤਿੰਨ ਘੰਟੇ ਗਿਣਤੀ ਕੇਂਦਰਾਂ ਦੇ ਬਾਹਰ ਹੀ ਰੋਕੀ ਰੱਖਿਆ ਗਿਆ।