ਚੰਡੀਗੜ੍ਹ: ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸੀ ਪਾਰਟੀ ਦੇ ਸੀਨੀਅਰ ਦਲਿਤ ਲੀਡਰ ਸਰਦਾਰ ਬੂਟਾ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 86 ਸਾਲਾਂ ਦੇ ਸੀ। 21 ਮਾਰਚ 1934 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਮੁਸਤਫਾਪੁਰ ਵਿੱਚ ਜਨਮੇ ਸਰਦਾਰ ਬੂਟਾ ਸਿੰਘ 8 ਵਾਰ ਲੋਕ ਸਭਾ ਲਈ ਚੁਣੇ ਗਏ ਸੀ।


ਨਹਿਰੂ-ਗਾਂਧੀ ਪਰਿਵਾਰ ਦੇ ਇਕ ਵਫ਼ਾਦਾਰ ਸਰਦਾਰ ਬੂਟਾ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ, ਰੇਲਵੇ ਮੰਤਰੀ, ਖੇਡ ਮੰਤਰੀ ਅਤੇ ਹੋਰਾਂ ਤੋਂ ਇਲਾਵਾ ਬਿਹਾਰ ਦੇ ਰਾਜਪਾਲ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਭਾਰਤ ਸਰਕਾਰ ਵਿਚ ਮਹੱਤਵਪੂਰਣ ਪੋਰਟਫੋਲੀਓ ਰੱਖੇ ਸੀ।

ਤੁਹਾਨੂੰ ਦੱਸ ਦਈਏ ਕਿ ਜਦੋਂ 1977 ਵਿਚ ਕਾਂਗਰਸ ਪਾਰਟੀ ‘ਜਨਤਾ ਲਹਿਰ’ ਕਾਰਨ ਬੁਰੀ ਤਰ੍ਹਾਂ ਹਾਰ ਗਈ ਸੀ ਅਤੇ ਇਸ ਕਾਰਨ ਪਾਰਟੀ ਵੰਡ ਗਈ ਸੀ। ਇਸ ਤੋਂ ਬਾਅਦ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੇ ਇਕਲੌਤੇ ਰਾਸ਼ਟਰੀ ਜਨਰਲ ਸਕੱਤਰ ਵਜੋਂ ਸਖਤ ਮਿਹਨਤ ਤੋਂ ਬਾਅਦ 1980 ਵਿਚ ਸਰਦਾਰ ਬੂਟਾ ਸਿੰਘ ਨੇ ਪਾਰਟੀ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਅਨਮੋਲ ਯੋਗਦਾਨ ਪਾਇਆ ਸੀ।