ਚੰਡੀਗੜ੍ਹ: ਕਾਂਗਰਸੀ ਲੀਡਰ ਵੱਲੋਂ ਚਲਾਈਆਂ ਗਈਆਂ ਗੋਲੀਆਂ ਤੋਂ ਆਮ ਆਦਮੀ ਪਾਰਟੀ ਔਖੀ ਹੈ। ਵਿਰੋਧੀ ਧਿਰ ਦੇ ਲੀਡਰ ਤੇ ਦਿੜ੍ਹਬਾ ਦੇ ਮੌਜੂਦਾ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਾਰੇ ਬਰਾਬਰ ਹਨ ਤੇ ਜੋ ਵੀ ਅਜਿਹੀ ਹਰਕਤ ਕਰਦਾ ਹੈ, ਉਸ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਇੱਕ ਹਾਰੇ ਹੋਏ ਵਿਅਕਤੀ ਵੱਲੋਂ ਆਪਣੀ ਗੱਡੀ ’ਤੇ ਐਮਐਲਏ ਲਿਖਣਾ ਤੇ ਨਾਲ ਰਾਸ਼ਟਰੀ ਚਿੰਨ੍ਹ ਲਾਉਣਾ ਵੀ ਕਾਨੂੰਨੀ ਜੁਰਮ ਹੈ।


ਦਰਅਸਲ ਕਾਂਗਰਸ ਦੇ ਦਿੜ੍ਹਬਾ ਤੋਂ ਹਲਕਾ ਇੰਚਾਰਜ ਅਜਾਇਬ ਸਿੰਘ ਰਟੌਲਾਂ ਵੱਲੋਂ ਰਿਵਾਲਵਰ ਨਾਲ ਗੋਲੀਆਂ ਚਲਾਏ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਮਗਰੋਂ ਸਿਆਸੀ ਫ਼ਿਜ਼ਾ ਗਰਮਾ ਗਈ ਹੈ। ਵਾਇਰਲ ਹੋਈ ਵੀਡੀਓ ਵਿੱਚ ਕਾਂਗਰਸੀ ਆਗੂ ਰਟੌਲਾਂ ਹਵਾ ਵਿੱਚ ਗੋਲੀਆਂ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਸੂਤਰਾਂ ਮੁਤਾਬਕ ਲੰਘੀ 26 ਜਨਵਰੀ ਨੂੰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਜਾਇਬ ਸਿੰਘ ਰਟੌਲਾਂ ਸੁਨਾਮ ਆਏ ਹੋਏ ਸਨ ਜਿੱਥੇ ਉਨ੍ਹਾਂ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਲਗਾਤਰ ਦੋ ਫਾਇਰ ਕੀਤੇ। ਸੋਸ਼ਲ ਮੀਡੀਆ ’ਤੇ ਇੱਕ ਬੋਲੇਰੋ ਗੱਡੀ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਅੱਗੇ ਲੱਗੀ ਇੱਕ ਪਲੇਟ ’ਤੇ ਮਾਸਟਰ ਅਜਾਇਬ ਸਿੰਘ ਰਟੌਲਾਂ, ਐਮਐਲਏ ਲਿਖਿਆ ਨਜ਼ਰ ਆ ਰਿਹਾ ਹੈ ਤੇ ਪਲੇਟ ਰਾਸ਼ਟਰੀ ਚਿੰਨ੍ਹ ਤ੍ਰੈਮੂਰਤੀ ਵੀ ਲੱਗਿਆ ਹੋਇਆ ਹੈ।

ਸੱਚਾਈ ਇਹ ਹੈ ਕਿ ਇਹ ਕਾਂਗਰਸੀ ਆਗੂ ਹਲਕਾ ਦਿੜ੍ਹਬਾ ਤੋਂ ਵਿਧਾਨ ਸਭਾ ਚੋਣ ਹਾਰਿਆ ਹੋਇਆ ਹੈ ਤੇ ਸਿਰਫ ਪਾਰਟੀ ਦਾ ਹਲਕਾ ਇੰਚਾਰਜ ਹੈ। ਆਮ ਆਦਮੀ ਪਾਰਟੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਹਲਕਾ ਦਿੜ੍ਹਬਾ ਦੀ ਬਤੌਰ ਵਿਧਾਇਕ ਨੁਮਾਇੰਦਗੀ ਕਰ ਰਹੇ ਹਨ।