ਚੰਡੀਗੜ੍ਹ: ਆਰਥਿਕ ਤੰਗੀਆਂ ਨਾਲ ਜੂਝ ਰਹੀ ਕੈਪਟਨ ਸਰਕਾਰ ਜਨਤਾ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਜਾਇਦਾਦ ਦੀ ਰਜਿਸਟਰੇਸ਼ਨ ’ਤੇ 1 ਫੀਸਦੀ ਸਮਾਜਕ ਸੁਰੱਖਿਆ ਸੈੱਸ ਲੱਗ ਸਕਦਾ ਹੈ। ਇਸ ਤਰ੍ਹਾਂ 10 ਲੱਖ ਦੀ ਰਜਿਸਟਰੀ ਕਰਾਉਣ ਵਾਲੇ ਉਪਰ 10 ਹਜ਼ਾਰ ਰੁਪਏ ਹੋਰ ਬੋਝ ਪਏਗਾ।


ਦੱਸ ਦਈਏ ਕਿ ਸਰਕਾਰ ਵੱਲੋਂ ਪਹਿਲਾਂ ਵੀ ਇਹ ਕਰ ਲਾਇਆ ਜਾਂਦਾ ਸੀ ਪਰ ਰੀਅਲ ਸਟੇਟ ਕਾਰੋਬਾਰ ਵਿੱਚ ਆਏ ਮੰਦੇ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਸੂਬੇ ਵਿੱਚ ਜਾਇਦਾਦ ਦੀ ਰਜਿਸਟਰੇਸ਼ਨ ’ਤੇ 1 ਫੀਸਦੀ ਸਮਾਜਕ ਸੁਰੱਖਿਆ ਸੈੱਸ ਮੁੜ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਸੈੱਸ ਸ਼ਹਿਰੀ ਤੇ ਦਿਹਾਤੀ ਦੋਵਾਂ ਖੇਤਰਾਂ ’ਚ ਲਾਗੂ ਹੋਵੇਗਾ।

ਸਰਕਾਰ ਵੱਲੋਂ ਇਸ ਸਬੰਧੀ ਫ਼ੈਸਲਾ ਆਪਣੀਆਂ ਪਿਛਲੀਆਂ ਮੀਟਿੰਗਾਂ ’ਚ ਲਿਆ ਸੀ। ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਵੱਲੋਂ ਮਾਲੀਆ ਵਧਾਉਣ ਲਈ ਤੇ ਸਰਕਾਰ ਦਾ ਮਾਲੀਆ ਤੈਅ ਟੀਚੇ ਤੋਂ ਘੱਟ ਇਕੱਠਾ ਹੋਣ ਕਾਰਨ ਇਹ ਸੈੱਸ ਮੁੜ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।