ਮੋਹਾਲੀ: ਮੋਹਾਲੀ ਦੇ ਲਾਂਡਰਾਂ-ਖਰੜ ਸੜਕ ’ਤੇ ਤਿੰਨ ਮੰਜ਼ਿਲਾ ਇਮਾਰਤ ਦੇ ਸ਼ਨੀਵਾਰ ਨੂੰ ਢਹਿਣ ਮਗਰੋਂ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਹਨਾਂ ਵਿੱਚੋਂ ਇੱਕ ਜੇਸੀਬੀ ਆਪਰੇਟਰ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹਨ।ਇਸ ਹਾਦਸੇ ’ਚ ਜੇਸੀਬੀ ਚਾਲਕ ਹਰਵਿੰਦਰ ਸਿੰਘ ਦੀ ਮੌਤ ਹੋ ਗਈ ਹੈ।


ਹੁਣ ਤੱਕ ਮਿਲੀਆਂ ਰਿਪੋਰਟਾਂ ਅਨੁਸਾਰ ਤਿੰਨ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਜਿਹੜੇ ਇਲਾਜ ਅਧੀਨ ਹਨ।ਇਸ ਹਾਦਸੇ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏਡੀਐਮ), ਐਸਏਐਸ ਨਗਰ ਮੋਹਾਲੀ ਨੂੰ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਅਤੇ ਇੱਕ ਹਫ਼ਤੇ ਵਿੱਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।

ਇੱਕ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਦਾ ਸਾਰਾ ਖਰਚਾ ਰਾਜ ਸਰਕਾਰ ਚੁੱਕੇਗੀ। ਡਿਪਟੀ ਕਮਿਸ਼ਨਰ ਮੁਤਾਬਕ, ਮੁੱਢਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਜੇਸੀਬੀ, ਨਾਲ ਲੱਗਦੀ ਇਮਾਰਤ ਵਿੱਚ ਇਕ ਬੇਸਮੈਂਟ ਲਈ ਉਸਾਰੀ ਦੇ ਕੰਮ ‘ਤੇ ਸੀ ਜਦੋਂ ਇਹ ਢਾਂਚਾ ਢਹਿ ਗਿਆ।

ਵਿਸ਼ੇਸ਼ ਉਪਕਰਣ ਵਾਲੀਆਂ ਐਨਡੀਆਰਐਫ ਟੀਮਾਂ ਨੂੰ ਸੇਵਾ ਵਿੱਚ ਦਾਖਲ ਕੀਤਾ ਗਿਆ ਸੀ ਅਤੇ ਲੁਧਿਆਣਾ ਦੀ ਇੱਕ ਵਾਧੂ ਟੀਮ ਨੂੰ ਵੀ ਇਸ ਸਾਈਟ ਤੇ ਬੁਲਾਇਆ ਗਿਆ ਸੀ।