ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਕੱਤਰ ਜਗਸੀਰ ਸਿੰਘ ਨੇ ਪਿੰਡ ਮੰਗੇਵਾਲਾ ਵਿੱਚ ਇੱਕ ਜ਼ਮੀਨੀ ਵਿਵਾਦ ਕਰਕੇ ਆਪਣੇ ਭਰਾ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ (42) ਵਜੋਂ ਹੋਈ ਹੈ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਜ਼ਮੀਨੀ ਵਿਵਾਦ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਮੰਗੇਵਾਲਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ। ਸੁਖਦੇਵ ਸਿੰਘ ਜ਼ਿਲ੍ਹਾ ਮੋਗਾ ਦੀ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਰਹੇ ਸੀ ਤੇ 1992 ਵਿੱਚ ਉਨ੍ਹਾਂ ਬਾਘਾਪੁਰਾਣਾ ਹਲਕੇ ਤੋਂ ਅਸਫਲ ਚੋਣ ਵੀ ਲੜੀ ਸੀ।

ਮ੍ਰਿਤਕ  ਜਸਵੀਰ ਦੇ ਪੁੱਤਰ ਜਗਮੀਤ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦੇ ਪਿਤਾ ਜਸਵੀਰ ਕਾਰ ਵਿੱਚ ਸਫ਼ਰ ਕਰ ਰਹੇ ਸਨ ਤਾਂ ਮੁਲਜ਼ਮ ਜਗਸੀਰ ਨੇ ਉਨ੍ਹਾਂ ਦਾ ਰਾਹ ਰੋਕਿਆ। ਇਸੇ ਦੌਰਾਨ ਜਗਸੀਰ ਨੇ ਉਸ ਦੇ ਪਿਤਾ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਝੜਪ ਦੌਰਾਨ ਦੀ ਜਗਸੀਰ ਨੇ ਰਿਵਾਲਵਰ ਕੱਢਿਆ ਤੇ ਉਸ ਦੇ ਪਿਤਾ ਨੂੰ ਗੋਲ਼ੀ ਮਾਰ ਦਿੱਤੀ। ਗੋਲ਼ੀ ਜਸਵੀਰ ਦੇ ਮੋਢੇ ’ਤੇ ਲੱਗੀ। ਜ਼ਖ਼ਮੀ ਜਸਵੀਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮਾਮਲੇ ਦੇ ਜਾਂਚ ਅਧਿਕਾਰੀ ਐਸਪੀ ਵਜ਼ੀਰ ਸਿੰਘ, ਡੀਐਸਪੀ ਕੇਸਰ ਸਿੰਘ ਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ। ਐਸਪੀ ਨੇ ਦੱਸਿਆ ਕਿ ਮੁਲਜ਼ਮ ਜਗਸੀਰ, ਉਸ ਦੀ ਪਤਨੀ ਸਤਵਿੰਦਰ ਕੌਰ ਤੇ ਉਨ੍ਹਾਂ ਦੇ ਪੁੱਤਰ ਮਨਜਿੰਦਰ ਸਿੰਘ ਖ਼ਿਲਾਫ਼ ਧਾਰਾ 302 (ਕਤਲ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਤਿੰਨੇ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ਼ ਕਰ ਰਹੀ ਹੈ।