Sidhu Praise Bhagwant Mann : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੌਜੂਦਾ ਸੀਐਮ ਭਗਵੰਤ ਮਾਨ ਦੀ ਤਾਰੀਫ ਕੀਤੀ ਹੈ। ਉਨ੍ਹਾਂ ਭਗਵੰਤ ਮਾਨ ਨੂੰ ਇਮਾਨਦਾਰ ਦੱਸਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਮਾਫੀਆ 'ਤੇ ਕਾਰਵਾਈ ਕਰਦੇ ਹਨ ਤਾਂ ਉਹ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਉਨ੍ਹਾਂ ਦਾ ਸਾਥ ਦੇਣਗੇ।


ਇੱਕ ਦਿਨ ਪਹਿਲਾਂ ਹੀ ਕੀਤੀ ਸੀ ਆਲੋਚਨਾ 


ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਤਾਰੀਫ ਤੋਂ ਇਕ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਖਿਲਾਫ ਪੰਜਾਬ ਪੁਲਸ ਦੀ ਕਾਰਵਾਈ ਲਈ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਵਾਂਗ ਕੰਮ ਕਰ ਰਹੀ ਹੈ। ਹੁਣ ਇੱਕ ਦਿਨ ਬਾਅਦ ਉਨ੍ਹਾਂ ਨੇ ਭਗਵੰਤ ਮਾਨ ਦੀ ਤਾਰੀਫ ਕੀਤੀ ਹੈ।


ਭਗਵੰਤ ਛੋਟੇ ਭਾਈ ਦੀ ਤਰ੍ਹਾਂ 

ਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ, ''ਕਾਂਗਰਸ ਨੂੰ ਮੁੜ ਸੱਤਾ 'ਚ ਆਉਣ ਲਈ ਪੰਜਾਬ 'ਚ ਮੁੜ ਸੁਰਜੀਤ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਸਿੱਧੂ ਨੇ ਮੁੱਖ ਮੰਤਰੀ ਦੀ ਤਾਰੀਫ ਕਰਦੇ ਹੋਏ ਕਿਹਾ, 'ਮੈਂ ਉਨ੍ਹਾਂ ਨੂੰ ਆਪਣਾ ਛੋਟਾ ਭਰਾ ਸਮਝਦਾ ਹਾਂ। ਉਹ ਇੱਕ ਇਮਾਨਦਾਰ ਆਦਮੀ ਹੈ। ਮੈਂ ਕਦੇ ਉਸ ਵੱਲ ਉਂਗਲ ਨਹੀਂ ਕੀਤੀ। ਜੇਕਰ ਉਹ ਮਾਫੀਆ ਖਿਲਾਫ ਲੜਦਾ ਹੈ ਤਾਂ ਮੇਰਾ ਸਮਰਥਨ ਉਸ ਦੇ ਨਾਲ ਹੈ। ਮੈਂ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਉਸ ਨਾਲ ਖੜ੍ਹਾ ਰਹਾਂਗਾ ਕਿਉਂਕਿ ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ।

 

ਕਠਪੁਤਲੀ ਸਰਕਾਰ ਤੱਕ ਕਿਹਾ ਸੀ

ਇਸ ਤਾਰੀਫ ਤੋਂ ਇਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ 'ਤੇ ਵਿਅੰਗ ਕਸਿਆ ਹੈ। ਉਨ੍ਹਾਂ ਨੇ ਟਵਿਟਰ 'ਤੇ ਇਕ ਕਾਰਟੂਨ ਸ਼ੇਅਰ ਕੀਤਾ ਸੀ। ਇਸ 'ਚ ਸਕੂਟਰ 'ਤੇ ਪੰਜਾਬ ਸਰਕਾਰ ਲਿਖਿਆ ਹੋਇਆ ਸੀ, ਜਦਕਿ ਸਕੂਟਰ 'ਤੇ ਅਰਵਿੰਦ ਕੇਜਰੀਵਾਲ ਦਾ ਕਾਰਟੂਨ ਸੀ। ਭਗਵੰਤ ਮਾਨ ਦਾ ਇੱਕ ਕਾਰਟੂਨ ਕੇਜਰੀਵਾਲ ਦੇ ਸਾਹਮਣੇ ਬੈਠਾ ਸੀ। ਸਿੱਧੂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਪੰਜਾਬ ਵਿੱਚ ਕੇਜਰੀਵਾਲ ਦੀ ਕਠਪੁਤਲੀ ਸਰਕਾਰ ਹੈ।

ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ 'ਤੇ ਕੀਤੀ ਕਾਰਵਾਈ ਦਾ ਕੀਤਾ ਵਿਰੋਧ 

ਸਿੱਧੂ ਨੇ ਆਪਣੇ ਟਵੀਟ ਵਿੱਚ ਪੰਜਾਬ ਸਰਕਾਰ ਨੂੰ ਕਠਪੁਤਲੀ ਸਰਕਾਰ ਵੀ ਕਿਹਾ ਸੀ। ਉਨ੍ਹਾਂ ਲਿਖਿਆ ਕਿ, "ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਵਾਂਗ ਕੰਮ ਕਰ ਰਹੀ ਹੈ। ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਵਿਰੁੱਧ ਪੁਲਿਸ ਦੀ ਕਾਰਵਾਈ ਦਰਸਾਉਂਦੀ ਹੈ ਕਿ ਇਹ ਉਨ੍ਹਾਂ ਦੇ ਆਲੋਚਕਾਂ ਨੂੰ ਚੁੱਪ ਕਰਵਾਉਣ ਲਈ ਵਰਤੀ ਜਾ ਰਹੀ ਹੈ। ਕਾਂਗਰਸ ਅਲਕਾ ਜੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਸਦੇ ਨਾਲ ਪੁਲਿਸ ਸਟੇਸ਼ਨ ਜਾਵੇਗੀ।